ਮੈਲਬਰਨ : ਪੰਜਾਬੀ ਨੌਜੁਆਨ ਗੁਰਸੇਵਕ ਸਿੰਘ ਨੇ ਅੱਜ ਅਦਾਲਤ ’ਚ Blacktown ਦੀ ਇੱਕ ਔਰਤ ਤੋਂ 150,000 ਡਾਲਰ ਦੇ ਸੋਨੇ ਅਤੇ ਹੀਰਿਆਂ ਦੇ ਗਹਿਣੇ ਠੱਗਣ ਦਾ ਦੋਸ਼ ਕਬੂਲ ਕਰ ਲਿਆ ਹੈ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਗੁਰਸੇਵਕ ਸਿੰਘ 9 ਜਨਵਰੀ ਨੂੰ ਭਾਰਤੀ ਮੂਲ ਦੀ ਇਸ ਔਰਤ ਨੂੰ ਮਿਲਿਆ ਸੀ ਅਤੇ ਖ਼ੁਦ ਨੂੰ ਹਰਿਦੁਆਰ ਤੋਂ ਆਇਆ ਸੰਤ ਦੱਸਿਆ ਸੀ। ਇਸ ਮੁਲਾਕਾਤ ਤੋਂ ਬਾਅਦ ਦੋਵੇਂ ਕਈ ਦਿਨਾਂ ਤਕ ਫ਼ੋਨ ’ਤੇ ਗੱਲਾਂ ਕਰਦੇ ਰਹੇ ਅਤੇ ਫਿਰ ਮਿਲਦੇ ਵੀ ਰਹੇ। ਇਸ ਦੌਰਾਨ ਗੁਰਸੇਵਕ ਸਿੰਘ ਨੇ ਪੂਜਾ-ਪਾਠ ਦੌਰਾਨ ਫੱਲ-ਫੁੱਲ ਦੇ ਨਾਲ ਔਰਤ ਤੋਂ ਉਸ ਦੇ ਗਹਿਣੇ ਵੀ ਰਖਵਾ ਲਏ। ਜਦੋਂ ਪੂਜਾ ਦੌਰਾਨ ਔਰਤ ਡੇਢ ਘੰਟੇ ਤਕ ਅੱਖਾਂ ਬੰਦ ਕਰ ਕੇ ਜਾਪ ਕਰ ਰਹੀ ਸੀ ਤਾਂ ਗੁਰਸੇਵਕ ਸਿੰਘ ਨੇ ਅਸਲ ਗਹਿਣਿਆਂ ਦੀ ਥਾਂ ’ਤੇ ਖ਼ਾਲੀ ਡੱਬੇ ਰੱਖ ਦਿਤੇ। ਇਸ ਤੋਂ ਬਾਅਦ ਦੋਹਾਂ ਨੇ ਖਾਣਾ ਖਾਧਾ ਅਤੇ ਔਰਤ ਗੁਰਸੇਵਕ ਸਿੰਘ ਨੂੰ ਰੇਲ ਸਟੇਸ਼ਨ ਤਕ ਵੀ ਛੱਡ ਕੇ ਆਈ।
ਜਦੋਂ ਸ਼ਾਮ 7 ਵਜੇ ਉਸ ਨੂੰ ਪਤਾ ਲੱਗਾ ਕਿ ਉਸ ਨਾਲ ਠੱਗੀ ਹੋ ਗਈ ਹੈ ਤਾਂ ਉਸ ਨੇ ਅਗਲੀ ਸਵੇਰ ਪੁਲਿਸ ਕੋਲ ਸ਼ਿਕਾਇਤ ਲਿਖਵਾਈ। ਅਗਲੇ ਦਿਨ ਗੁਰਸੇਵਕ ਸਿੰਘ ਔਰਤ ਨੂੰ ਮਿਲਣ ਲਈ Darling Harbour ਦੇ ਪਾਰਕ ’ਚ ਆਇਆ, ਪਰ ਉਸ ਦਾ ਸਵਾਗਤ ਪੁਲਿਸ ਨੇ ਕੀਤਾ। ਉਸ ਨੇ ਆਪਣਾ ਦੋਸ਼ ਮੰਨ ਲਿਆ ਅਤੇ ਉਸ ਦੇ ਘਰੋਂ ਗਹਿਣੇ ਵੀ ਬਰਾਮਦ ਕਰ ਲਏ। ਗੁਰਸੇਵਕ ਸਿੰਘ ਨੇ 6 ਫ਼ਰਵਰੀ ਨੂੰ ਭਾਰਤ ਪਰਤਣਾ ਸੀ। ਉਹ ਇਸ ਵੇਲੇ ਜ਼ਮਾਨਤ ’ਤੇ ਹੈ ਅਤੇ ਉਸ ਨੂੰ 10 ਮਾਰਚ ਨੂੰ ਮੁੜ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।