ਨੌਰਥ ਕੁਈਨਜ਼ਲੈਂਡ ’ਚ ਲਗਾਤਾਰ ਮੀਂਹ ਮਗਰੋਂ ਭਾਰੀ ਹੜ੍ਹਾਂ ਦੀ ਚੇਤਾਵਨੀ ਜਾਰੀ, ਸਰਕਾਰ ਨੇ ਵਧਾਈ ਲੋਕਾਂ ਲਈ ਗ੍ਰਾਂਟ ਦੀ ਰਕਮ

ਮੈਲਬਰਨ : ਨੌਰਥ ਕੁਈਨਜ਼ਲੈਂਡ ’ਚ ਭਿਆਨਕ ਹੜ੍ਹਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ Cairns ਤੋਂ ਲੈ ਕੇ Rockhampton ਤੱਕ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। Herbert, Haughton, Cape, ਉਪਰਲੇ Burdekin ਅਤੇ ਹੇਠਲੇ Burdekin ਦਰਿਆਵਾਂ ਦੇ ਨਾਲ-ਨਾਲ Flinders ਦਰਿਆ ’ਚ ਹੜ੍ਹ ਆ ਗਿਆ ਹੈ। Giru ਲਈ ਐਮਰਜੈਂਸੀ ਚੇਤਾਵਨੀ ਜਾਰੀ ਕੀਤੀ ਗਈ ਹੈ ਅਤੇ ਵਸਨੀਕਾਂ ਨੂੰ ਤੁਰੰਤ ਉੱਚੇ ਸਥਾਨਾਂ ’ਤੇ ਜਾਣ ਦੀ ਸਲਾਹ ਦਿੱਤੀ ਗਈ ਹੈ।

ਫ਼ੈਡਰਲ ਸਰਕਾਰ ਨੇ Charters Towers ਅਤੇ Cassowary ਤੱਟ ਦੇ ਕੁਝ ਹਿੱਸਿਆਂ ਸਮੇਤ ਪ੍ਰਭਾਵਿਤ ਖੇਤਰਾਂ ਨੂੰ ਵਿੱਤੀ ਸਹਾਇਤਾ ਦਿੱਤੀ ਹੈ। ਯੋਗ ਵਸਨੀਕ ਐਮਰਜੈਂਸੀ ਖਰਚੇ ਕਰਨ ਲਈ ਪੰਜ ਵਿਅਕਤੀਆਂ ਤੋਂ ਵੱਧ ਦੇ ਪਰਿਵਾਰਾਂ ਲਈ 900 ਡਾਲਰ ਅਤੇ ਹਰ ਵਿਅਕਤੀ ਲਈ 180 ਡਾਲਰ ਤੱਕ ਦੀ ਗ੍ਰਾਂਟ ਪ੍ਰਾਪਤ ਕਰ ਸਕਦੇ ਹਨ।

ਹਾਲਾਂਕਿ ਖ਼ਰਾਬ ਮੌਸਮ ਤੋਂ ਕਿਤੇ ਵੀ ਰਾਹਤ ਦੀ ਉਮੀਦ ਨਹੀਂ ਦਿਸ ਰਹੀ ਹੈ। ਪੂਰੇ ਵੀਕਐਂਡ 250 ਮਿਲੀਮੀਟਰ ਤੱਕ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਅਧਿਕਾਰੀ ਪ੍ਰਭਾਵਿਤ ਇਲਾਕਿਆਂ ’ਚ ਬਿਜਲੀ ਅਤੇ ਸੇਵਾਵਾਂ ਬਹਾਲ ਕਰਨ ਲਈ ਕੰਮ ਕਰ ਰਹੇ ਹਨ, ਸਹਾਇਤਾ ਲਈ ਵਾਧੂ SES ਵਲੰਟੀਅਰ, ਪੁਲਿਸ ਅਤੇ ਜਲ ਬਚਾਅ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।