ਮੈਲਬਰਨ : ਭਾਰਤੀ ਮੂਲ ਦੀ ਸੀਏਟਲ ਸਿਟੀ ਕੌਂਸਲ ਦੀ ਮੈਂਬਰ ਸ਼ਮਾ ਸਾਵੰਤ ਨੂੰ ਆਪਣੀ 82 ਸਾਲ ਦੀ ਬੀਮਾਰ ਮਾਂ ਨੂੰ ਮਿਲਣ ਲਈ ਭਾਰਤੀ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਪਿਛਲੇ ਇਕ ਸਾਲ ਵਿਚ ਅਜਿਹਾ ਤੀਜੀ ਵਾਰੀ ਹੋਇਆ ਹੈ। ਸਾਵੰਤ ਨੇ X ’ਤੇ ਪੋਸਟ ਕੀਤਾ, ‘‘ਮੈਂ ਅਤੇ ਮੇਰੇ ਪਤੀ ਸੀਏਟਲ ਭਾਰਤੀ ਕੌਂਸਲੇਟ ਵਿੱਚ ਹਾਂ। ਉਨ੍ਹਾਂ ਨੇ ਮੇਰੀ ਮਾਂ ਦੇ ਬਹੁਤ ਬਿਮਾਰ ਹੋਣ ਕਾਰਨ ਉਸ ਨੂੰ ਐਮਰਜੈਂਸੀ ਵੀਜ਼ਾ ਦਿੱਤਾ, ਪਰ ਮੇਰਾ ਨਾਮ ਇਹ ਕਹਿੰਦੇ ਹੋਏ ਰੱਦ ਕਰ ਦਿੱਤਾ ਕਿ ਮੇਰਾ ਨਾਮ ‘ਰਿਜੈਕਟ ਲਿਸਟ’ ਵਿਚ ਹੈ। ਉਹ ਸਪੱਸ਼ਟੀਕਰਨ ਦੇਣ ਤੋਂ ਇਨਕਾਰ ਕਰ ਰਹੇ ਹਨ।’’
ਸਾਵੰਤ ਦਾ ਮੰਨਣਾ ਹੈ ਕਿ ਉਨ੍ਹਾਂ ਦਾ ਵੀਜ਼ਾ ਰੱਦ ਕਰਨਾ ਸਿਆਸਤ ਤੋਂ ਪ੍ਰੇਰਿਤ ਹੈ, ਕਿਉਂਕਿ ਉਨ੍ਹਾਂ ਨੇ ਭਾਰਤ ਦੇ ਨਾਗਰਿਕਤਾ ਸੋਧ ਕਾਨੂੰਨ (CAA) ਅਤੇ ਰਾਸ਼ਟਰੀ ਨਾਗਰਿਕ ਰਜਿਸਟਰ (NCR) ਦੀ ਆਲੋਚਨਾ ਕੀਤੀ ਸੀ। ਉਨ੍ਹਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਉਨ੍ਹਾਂ ਦੀ ਸਮਾਜਵਾਦੀ ਸਿਟੀ ਕੌਂਸਲ ਦੇ ਦਫ਼ਤਰ ਨੇ ਇਨ੍ਹਾਂ ਕਾਨੂੰਨਾਂ ਦੀ ਨਿੰਦਾ ਕਰਦਿਆਂ ਇੱਕ ਮਤਾ ਪਾਸ ਕੀਤਾ ਸੀ ਅਤੇ ਜਾਤੀ ਵਿਤਕਰੇ ਨੂੰ ਖਤਮ ਕਰਨ ਲਈ ਇੱਕ ਕਾਨੂੰਨ ਪਾਸ ਕਰਵਾਉਣ ’ਚ ਵੀ ਸਰਗਰਮ ਭੂਮਿਕਾ ਨਿਭਾਈ ਸੀ।
ਸਾਵੰਤ ਨੇ ਆਪਣੇ ਸੰਗਠਨ ‘ਵਰਕਰਜ਼ ਸਟ੍ਰਾਈਕ ਬੈਕ’ ਦੇ ਮੈਂਬਰਾਂ ਨਾਲ ਸਿਆਟਲ ’ਚ ਭਾਰਤੀ ਕੌਂਸਲੇਟ ਦੇ ਬਾਹਰ ਧਰਨਾ ਦਿੱਤਾ ਅਤੇ ਇਸ ਨੂੰ ‘ਸ਼ਾਂਤੀਪੂਰਨ ਸਿਵਲ ਨਾਫ਼ਰਮਾਨੀ’ ਕਰਾਰ ਦਿੱਤਾ। ਭਾਰਤੀ ਵਣਜ ਦੂਤਘਰ ਦੇ ਅਧਿਕਾਰੀਆਂ ਨੇ ਸਥਾਨਕ ਪੁਲਿਸ ਨੂੰ ਬੁਲਾ ਕੇ ਜਵਾਬ ਦਿੱਤਾ। ਸਿਆਟਲ ’ਚ ਭਾਰਤੀ ਕੌਂਸਲੇਟ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਕੌਂਸਲੇਟ ’ਚ ਬਗ਼ੈਰ ਇਜਾਜ਼ਤ ਤੋਂ ਦਾਖ਼ਲ ਹੋਣ ਕਾਰਨ ਉਨ੍ਹਾਂ ਨੂੰ ਕਾਨੂੰਨ ਵਿਵਸਥਾ ਦੀ ਸਥਿਤੀ ਨਾਲ ਨਜਿੱਠਣ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਨੇ ਦੋਸ਼ ਲਾਇਆ ਕਿ ਸਾਵੰਤ ਅਤੇ ਉਸ ਦੇ ਸਾਥੀਆਂ ਨੇ ਕੌਂਸਲੇਟ ਸਟਾਫ ਨੂੰ ਧਮਕੀਆਂ ਦਿੱਤੀਆਂ।