ਮੈਲਬਰਨ : ਸਿਡਨੀ ਦੇ ਸਾਊਥ-ਵੈਸਟ ਵਿਚ ਹਜ਼ਾਰਾਂ ਭੰਗ (marijuana) ਦੇ ਪੌਦੇ ਮਿਲਣ ਤੋਂ ਬਾਅਦ ਤਿੰਨ ਵਿਅਕਤੀਆਂ ’ਤੇ ਦੋਸ਼ ਲਗਾਏ ਗਏ ਹਨ। ਪੁਲਿਸ ਨੇ ਪ੍ਰਾਪਰਟੀ ਬਾਰੇ ਗੁਪਤ ਸੂਚਨਾ ਮਿਲਣ ਤੋਂ ਬਾਅਦ ਕੱਲ ਸਵੇਰੇ ਕਰੀਬ 8 ਵਜੇ ਲੇਪਿੰਗਟਨ ਦੇ ਇੰਗਲਬਰਨ ਰੋਡ ’ਤੇ ਇਕ ਜਾਇਦਾਦ ’ਤੇ ਤਲਾਸ਼ੀ ਵਾਰੰਟ ਜਾਰੀ ਕੀਤਾ। ਤਲਾਸ਼ੀ ਦੌਰਾਨ 5000 ਤੋਂ ਵੱਧ ਭੰਗ ਦੇ ਪੌਦੇ ਮਿਲੇ। ਕਾਰਜਕਾਰੀ ਇੰਸਪੈਕਟਰ ਮਾਰਕ ਲੈਂਡਰੀਗਨ ਨੇ ਕਿਹਾ, ‘‘ਇਹ ਪੌਦਿਆਂ ਦੀ ਇੱਕ ਵੱਡੀ ਮਾਤਰਾ ਹੈ। ਬਹੁਤ ਹੈਰਾਨੀ ਦੀ ਗੱਲ ਹੈ।’’ ਤਿੰਨ ਵਿਅਕਤੀਆਂ ਨੇ ਕਥਿਤ ਤੌਰ ’ਤੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਨੇੜੇ ਹੀ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰੀ ਦੌਰਾਨ ਇੱਕ ਵਿਅਕਤੀ ਨੂੰ ਕੁੱਤੇ ਨੇ ਕੱਟ ਲਿਆ, ਜਿਸ ਲਈ ਪੈਰਾਮੈਡਿਕਸ ਨੇ ਉਸ ਦਾ ਇਲਾਜ ਕੀਤਾ। ਤਿੰਨਾਂ ਵਿਅਕਤੀਆਂ ਦੀ ਉਮਰ 36, 43 ਅਤੇ 39 ਸਾਲ ਹੈ ਅਤੇ ਉਨ੍ਹਾਂ ’ਤੇ ਨਸ਼ੀਲੇ ਪਦਾਰਥਾਂ ਨਾਲ ਜੁੜੇ ਕਈ ਅਪਰਾਧਾਂ ਦੇ ਦੋਸ਼ ਲਗਾਏ ਗਏ ਹਨ।
ਸਿਡਨੀ ’ਚ ਭੰਗ ਦੇ 5000 ਪੌਦੇ ਜ਼ਬਤ, ਤਿੰਨ ਜਣੇ ਗ੍ਰਿਫ਼ਤਾਰ
