ਮੈਲਬਰਨ : ਆਸਟ੍ਰੇਲੀਆ ਨੇ ਹੁਣ ਤੱਕ ਦੇ ਸਭ ਤੋਂ ਸਖਤ ਨਫ਼ਰਤੀ-ਅਪਰਾਧ ਵਿਰੋਧੀ ਕਾਨੂੰਨ ਪਾਸ ਕੀਤੇ ਹਨ, ਜਿਸ ਵਿੱਚ ਜਨਤਕ ਤੌਰ ’ਤੇ ਸਵਾਸਤਿਕ ਜਾਂ ਅੱਤਵਾਦ ਦੇ ਚਿੰਨ੍ਹਾਂ ਨੂੰ ਪ੍ਰਦਰਸ਼ਿਤ ਕਰਨ ਲਈ ਲਾਜ਼ਮੀ ਜੇਲ੍ਹ ਦੀ ਸਜ਼ਾ ਦਾ ਪ੍ਰਬੰਧ ਕੀਤਾ ਗਿਆ ਹੈ। ਗ੍ਰਹਿ ਮੰਤਰੀ Tony Burke ਨੇ ਇਨ੍ਹਾਂ ਕਾਨੂੰਨਾਂ ਨੂੰ ‘ਨਫ਼ਰਤੀ ਅਪਰਾਧਾਂ ਵਿਰੁੱਧ ਆਸਟ੍ਰੇਲੀਆ ਦੇ ਹੁਣ ਤੱਕ ਦੇ ਸਭ ਤੋਂ ਸਖਤ ਕਾਨੂੰਨ’ ਕਰਾਰ ਦਿੱਤਾ ਹੈ।
ਇਹ ਕਾਨੂੰਨ House of Representatives ਵਿੱਚ ਦੋ-ਪੱਖੀ ਸਮਰਥਨ ਨਾਲ ਪਾਸ ਕੀਤੇ ਗਏ। ਨਵੇਂ ਕਾਨੂੰਨਾਂ ਤਹਿਤ ਜਨਤਕ ਤੌਰ ’ਤੇ ਨਾਜ਼ੀ ਚਿੰਨ੍ਹਾਂ ਨੂੰ ਪ੍ਰਦਰਸ਼ਿਤ ਕਰਨ ਵਾਲੇ ਜਾਂ ਨਾਜ਼ੀ ਸਲਾਮੀ ਦੇਣ ਵਾਲੇ ਵਿਅਕਤੀਆਂ ਨੂੰ ਘੱਟੋ-ਘੱਟ 12 ਮਹੀਨੇ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਇਹੀ ਸਜ਼ਾ ਹੋਰ ਅੱਤਵਾਦੀ ਸਮੂਹਾਂ ਦਾ ਝੰਡਾ ਦਿਖਾਉਣ ਜਾਂ ਲਹਿਰਾਉਣ ’ਤੇ ਵੀ ਲਾਗੂ ਹੁੰਦਾ ਹੈ। ਅੱਤਵਾਦ ਨੂੰ ਵਿੱਤੀ ਸਹਾਇਤਾ ਦੇਣ ’ਤੇ ਘੱਟੋ-ਘੱਟ ਤਿੰਨ ਸਾਲ ਦੀ ਸਜ਼ਾ ਹੋਵੇਗੀ, ਜਦੋਂ ਕਿ ਅੱਤਵਾਦੀ ਗਤੀਵਿਧੀਆਂ ’ਚ ਘੱਟੋ-ਘੱਟ 6 ਸਾਲ ਦੀ ਸਜ਼ਾ ਹੋਵੇਗੀ।
ਇਨ੍ਹਾਂ ਕਾਨੂੰਨਾਂ ਦਾ ਉਦੇਸ਼ ਆਸਟ੍ਰੇਲੀਆ ਵਿਚ ਹਾਲ ਹੀ ਵਿਚ ਯਹੂਦੀ ਵਿਰੋਧੀ ਮਾਮਲਿਆਂ ਵਿਚ ਹੋਏ ਵਾਧੇ ਨਾਲ ਨਜਿੱਠਣਾ ਹੈ, ਜਿਸ ਵਿਚ ਇਕ ਪ੍ਰਾਰਥਨਾ ਸਥਾਨ ਨੂੰ ਅੱਗ ਲਗਾਉਣ, ਇਕ ਬਾਲ ਸੰਭਾਲ ਕੇਂਦਰ ’ਤੇ ਹਮਲਾ ਅਤੇ ਵਿਸਫੋਟਕਾਂ ਨਾਲ ਭਰੀ ਗੱਡੀ ਦੀ ਖੋਜ ਸ਼ਾਮਲ ਹੈ।