ਮੈਲਬਰਨ : ਸਿਡਨੀ ਦੇ ਪੱਛਮ ’ਚ ਇੱਕ ਪੀਜ਼ਾ ਦੀ ਦੁਕਾਨ ਦੇ ਮਾਲਕ Sonmez Alagoz (58) ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਹ ਜ਼ਖਮੀ ਹਾਲਤ ’ਚ Kingswood ਨੇੜੇ Great Western Highway ’ਤੇ ਮੰਗਲਵਾਰ ਰਾਤ 10 ਵਜੇ ਤੋਂ ਬਾਅਦ ਮਿਲਿਆ ਸੀ। ਉਸ ਨੂੰ ਛਾਤੀ ’ਤੇ ਇੱਕ ਵਾਰੀ ਚਾਕੂ ਮਾਰਿਆ ਗਿਆ ਸੀ। ਢਾਈ ਘੰਟੇ ਬਾਅਦ ਉਸ ਦੀ ਹਸਪਤਾਲ ’ਚ ਮੌਤ ਹੋ ਗਈ। Sonmez Alagoz ਨੂੰ ਕਤਲ ਕਰਨ ਦੇ ਇਲਜ਼ਾਮ ਹੇਠ ਇੱਕ 15 ਸਾਲਾਂ ਦੇ ਮੁੰਡੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਮੁੰਡਾ ਹੋਰ ਤਿੰਨ ਕੁੜੀਆਂ ਅਤੇ ਦੋ ਮੁੰਡਿਆਂ ਦੀ ਟੋਲੀ ਨਾਲ ਸੀ, ਜਿਨ੍ਹਾਂ ਨੂੰ ਪੁਲਿਸ ਨੇ Werrington, South Penrith, ਅਤੇ Penrith ਤੋਂ ਫੜਨ ਮਗਰੋਂ ਪੁੱਛ-ਪੜਤਾਲ ਤੋਂ ਬਾਅਦ ਜਾਣ ਦਿੱਤਾ ਸੀ। ਮੁਲਜ਼ਮ ਨੂੰ ਅੱਜ ਅਦਾਲਤ ’ਚ ਪੇਸ਼ ਕੀਤਾ ਜਾਣਾ ਹੈ। ਜਾਂਚ ਜਾਰੀ ਹੈ। Sonmez Alagoz ਆਪਣੇ ਇਲਾਕੇ ’ਚ ਬਹੁਤ ਮਸ਼ਹੂਰ ਸੀ। ਸਥਾਨਕ ਲੋਕਾਂ ਨੇ ਉਸ ਨੂੰ ਬਹੁਤ ਦਿਆਲੂ ਆਦਮੀ ਦੱਸਿਆ ਅਤੇ ਕਿਹਾ ਕਿ ਉਹ ਹਮੇਸ਼ਾ ਆਪਣੇ ਗਾਹਕਾਂ ਦਾ ਮੁਸਕਾਨ ਨਾਲ ਸਵਾਗਤ ਕਰਦਾ ਸੀ।
ਸਿਡਨੀ ’ਚ ਪੀਜ਼ਾ ਦੁਕਾਨ ਦੇ ਮਾਲਕ ਨੂੰ ਕਤਲ ਕਰਨ ਦੇ ਇਲਜ਼ਾਮ ਹੇਠ 15 ਸਾਲ ਦਾ ਮੁੰਡਾ ਗ੍ਰਿਫ਼ਤਾਰ
