ਹੜ੍ਹ ਪ੍ਰਭਾਵਤ ਨੌਰਥ ਕੁਈਨਜ਼ਲੈਂਡ ’ਚ ਸੁੰਨੇ ਪਏ ਘਰਾਂ ਦਾ ਫ਼਼ਾਇਦਾ ਚੁੱਕਣ ਲੱਗੇ ਚੋਰ

ਭਾਰੀ ਹੜ੍ਹਾਂ ਕਾਰਨ ਦੋ ਲੋਕਾਂ ਦੀ ਮੌਤ, ਇਕ ਲਾਪਤਾ, ਨਵੇਂ ਤੂਫ਼ਾਨ ਦੀ ਭਵਿੱਖਬਾਣੀ ਵੀ ਜਾਰੀ

ਮੈਲਬਰਨ : ਨੌਰਥ ਕੁਈਨਜ਼ਲੈਂਡ ’ਚ ਪਹਿਲਾਂ ਤੋਂ ਹੜ੍ਹਾਂ ਦੀ ਮਾਰ ਸਹਿ ਰਹੇ ਲੋਕਾਂ ਨੂੰ ਨਵਾਂ ਡਰ ਸਤਾਉਣ ਲੱਗ ਪਿਆ ਹੈ। ਲੋਕਾਂ ਦੇ ਸੁਰੱਖਿਅਤ ਥਾਵਾਂ ’ਤੇ ਜਾਣ ਨਾਲ ਘਰ ਸੁੰਨੇ ਪਏ ਹਨ ਅਤੇ ਕੁੱਝ ਅਪਰਾਧਕ ਅਨਸਰਾਂ ਨੇ ਸੁੰਨੇ ਪਏ ਘਰਾਂ ’ਚ ਚੋਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਐਤਵਾਰ ਤੋਂ Ingham, Railway Estate, ਅਤੇ Rosslea ’ਚ ਚੋਰੀ ਦੀਆਂ ਤਿੰਨ ਘਟਨਾਵਾਂ ਸਾਹਮਣੇ ਆਈਆਂ ਹਨ।

ਪੁਲਿਸ ਚੋਰੀ ਦੀਆਂ ਰਿਪੋਰਟਾਂ ਦੀ ਜਾਂਚ ਕਰ ਰਹੀ ਹੈ। ਇਸ ਨਾਲ ਨਜਿੱਠਣ ਲਈ Townsville ਅਤੇ ਆਸ-ਪਾਸ ਦੇ ਇਲਾਕਿਆਂ ਸਮੇਤ ਪੂਰੇ ਹੜ੍ਹ ਪ੍ਰਭਾਵਤ ਇਲਾਕੇ ’ਚ ਗਸ਼ਤ ਕੀਤੀ ਜਾ ਰਹੀ ਹੈ। Townsville ਦੇ ਸੁਪਰਡੈਂਟ ਕ੍ਰਿਸ ਲਾਸਨ ਨੇ ਜ਼ੋਰ ਦੇ ਕੇ ਕਿਹਾ ਕਿ ਕੁਈਨਜ਼ਲੈਂਡ ਪੁਲਿਸ ਸੇਵਾ ਚੋਰੀਆਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ।

ਲਗਾਤਾਰ ਮੀਂਹ ਕਾਰਨ ਆਏ ਹੜ੍ਹਾਂ ਦਾ ਇਸ ਖੇਤਰ ’ਤੇ ਵਿਨਾਸ਼ਕਾਰੀ ਅਸਰ ਪਿਆ ਹੈ। Ingham ਵਿਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਇਕ ਵਿਅਕਤੀ ਲਾਪਤਾ ਹੈ। ਸੈਂਕੜੇ ਘਰ ਅਜੇ ਵੀ ਹੜ੍ਹ ਦੇ ਪਾਣੀ ਵਿੱਚ ਡੁੱਬੇ ਹੋਏ ਹਨ, ਅਤੇ ਖਾਲੀ ਕੀਤੇ ਗਏ ਵਸਨੀਕ ਵਾਪਸ ਨਹੀਂ ਆ ਪਾ ਰਹੇ ਹਨ। ਹੜ੍ਹ ਦਾ ਸਭ ਤੋਂ ਬੁਰਾ ਦੌਰ ਖਤਮ ਹੋਣ ਦੇ ਬਾਵਜੂਦ, ਆਉਣ ਵਾਲੇ ਦਿਨਾਂ ਵਿੱਚ ਤੂਫਾਨ ਆਉਣ ਦੀ ਭਵਿੱਖਬਾਣੀ ਕੀਤੀ ਗਈ ਹੈ, ਅਤੇ ਪ੍ਰੀਮੀਅਰ David Crisafulli ਨੇ ਦੁਹਰਾਇਆ ਹੈ ਕਿ ਖੇਤਰ ਐਮਰਜੈਂਸੀ ਦੀ ਸਥਿਤੀ ਵਿੱਚ ਹੈ।