ਮੈਲਬਰਨ : ਸਿਡਨੀ ਦੇ Newtown ਵਿਚ ਬੀਤੀ ਰਾਤ ਹੋਏ ਕਥਿਤ ਝਗੜੇ ’ਚ NSW ਪੁਲਿਸ ਦੇ ਦੋ ਨੌਜਵਾਨ ਅਧਿਕਾਰੀਆਂ ਨਾਲ ਕੁੱਟਮਾਰ ਕੀਤੀ ਗਈ। ਇਕ ਅਧਿਕਾਰੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਹ ਸੜਕ ’ਤੇ ਬੇਹੋਸ਼ ਪਿਆ ਮਿਲਿਆ ਸੀ।
ਪੁਲਿਸ ਮੁਤਾਬਕ ਰਾਤ 11 ਕੁ ਵਜੇ ਸਿਡਨੀ ਦੇ ਇਨਰ ਵੈਸਟ ਦੇ Enmore Road ’ਤੇ ਜ਼ਖਮੀ ਅਧਿਕਾਰੀ ਅਤੇ ਉਸ ਦਾ ਦੂਜਾ ਆਫ-ਡਿਊਟੀ ਸਾਥੀ ਪੈਦਲ ਜਾ ਰਹੇ ਸਨ, ਜਦੋਂ ਤਿੰਨ ਵਿਅਕਤੀ ਆਪਸ ’ਚ ਬਹਿਸ ਰਹੇ ਸਨ। ਇਸ ਤੋਂ ਬਾਅਦ ਝਗੜਾ ਹਿੰਸਕ ਹੋ ਗਿਆ, ਜਿਸ ਦੌਰਾਨ ਅਧਿਕਾਰੀ ਨੂੰ ਜ਼ਮੀਨ ’ਤੇ ਸੁੱਟ ਦਿੱਤਾ ਗਿਆ ਅਤੇ ਉਸ ਨੂੰ ਵਾਰ-ਵਾਰ ਮੁੱਕੇ ਅਤੇ ਲੱਤਾਂ ਨਾਲ ਕੁੱਟਿਆ ਗਿਆ। ਹਸਪਤਾਲ ’ਚ ਉਸ ਦੀ ਹਾਲਤ ਗੰਭੀਰ ਪਰ ਸਥਿਰ ਬਣੀ ਹੋਈ ਹੈ। ਦੂਜੇ ਆਫ-ਡਿਊਟੀ ਅਧਿਕਾਰੀ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ।
ਹਮਲੇ ਵਿੱਚ ਕਥਿਤ ਤੌਰ ’ਤੇ ਸ਼ਾਮਲ ਤਿੰਨ ਵਿਅਕਤੀ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਦੀ ਉਮਰ 20 ਤੋਂ 30 ਸਾਲ ਦੇ ਵਿਚਕਾਰ ਦੱਸੀ ਗਈ ਹੈ। ਇਨ੍ਹਾਂ ’ਚੋਂ ਦੋ ਮਾਓਰੀ/ਪੈਸੀਫਿਕ ਆਈਲੈਂਡਰ ਮੂਲ ਦੇ ਦੱਸੇ ਜਾ ਰਹੇ ਹਨ ਅਤੇ ਇੱਕ ਵਿਅਕਤੀ ਗੋਰੀ ਨਸਲ ਦਾ। ਜਾਂਚ ਜਾਰੀ ਹੈ ਅਤੇ ਪੁਲਿਸ ਕਿਸੇ ਵੀ ਜਾਣਕਾਰੀ ਵਾਲੇ ਵਿਅਕਤੀ ਨੂੰ ਅੱਗੇ ਆਉਣ ਦੀ ਅਪੀਲ ਕਰ ਰਹੀ ਹੈ।