ਮੈਲਬਰਨ : ਇਜ਼ਰਾਈਲ ਅਤੇ ਹਮਾਸ ਵਿਚਕਾਰ ਹੋਏ ਸਮਝੌਤੇ ਮਗਰੋਂ ਗਾਜ਼ਾ ਪੱਟੀ ’ਚ ਅੱਜ ਤੋਂ ਜੰਗਬੰਦੀ ਲਾਗੂ ਹੋ ਗਈ। ਸਮਝੌਤੇ ਤਹਿਤ ਹਮਾਸ ਨੇ ਪਿਛਲੇ 470 ਦਿਨਾਂ ਤੋਂ ਬੰਧਕ ਤਿੰਨ ਮਹਿਲਾਵਾਂ ਰੋਮੀ ਗੋਨੇਨ (24), ਐਮਿਲੀ ਦਮਾਰੀ (28) ਅਤੇ ਡੋਰੋਨ ਸਟੀਨਬ੍ਰੇਸ਼ਰ (31) ਨੂੰ ਰਿਹਾਅ ਕਰ ਦਿੱਤਾ। ਤਿੰਨੋਂ ਬੰਧਕਾਂ ਨੂੰ ਰੈੱਡਕ੍ਰਾਸ ਨੇ ਇਜ਼ਰਾਇਲੀ ਡਿਫੈਂਸ ਫੋਰਸ ਹਵਾਲੇ ਕੀਤਾ ਗਿਆ ਜੋ ਬਾਅਦ ’ਚ ਇਜ਼ਰਾਈਲ ਪਹੁੰਚ ਗਈਆਂ। ਉਧਰ ਇਜ਼ਰਾਈਲ ਵੱਲੋਂ 90 ਫਲਸਤੀਨੀਆਂ ਨੂੰ ਵੀ ਛੱਡ ਦਿੱਤਾ ਗਿਆ ਜਿਨ੍ਹਾਂ ’ਚ ਜ਼ਿਆਦਾਤਰ ਬੱਚੇ ਅਤੇ ਔਰਤਾਂ ਸ਼ਾਮਲ ਹਨ। ਕਰੀਬ 15 ਮਹੀਨਿਆਂ ਦੀ ਜੰਗ ਮਗਰੋਂ ਫਲਸਤੀਨੀਆਂ ਨੇ ਹੁਣ ਜਾ ਕੇ ਸੁੱਖ ਦਾ ਸਾਹ ਲਿਆ ਹੈ ਅਤੇ ਉਹ ਮਲਬੇ ’ਚ ਤਬਦੀਲ ਹੋ ਚੁੱਕੇ ਆਪਣੇ ਘਰਾਂ ਨੂੰ ਪਰਤਣਾ ਸ਼ੁਰੂ ਹੋ ਗਏ ਹਨ।
ਇਸ ਤੋਂ ਪਹਿਲਾਂ ਜੰਗਬੰਦੀ ਦਾ ਅਮਲ ਅੱਜ ਤਿੰਨ ਘੰਟੇ ਦੀ ਦੇਰੀ ਨਾਲ ਸ਼ੁਰੂ ਹੋਇਆ ਕਿਉਂਕਿ ਹਮਾਸ ਨੇ ਰਿਹਾਅ ਕੀਤੇ ਜਾਣ ਵਾਲੇ ਤਿੰਨ ਬੰਧਕਾਂ ਦੇ ਨਾਮ ਨਸ਼ਰ ਨਹੀਂ ਕੀਤੇ ਸਨ ਜਦਕਿ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਇਸ ਗੱਲ ’ਤੇ ਅੜ ਗਏ ਸਨ ਕਿ ਹਮਾਸ ਬੰਧਕਾਂ ਦੇ ਨਾਵਾਂ ਦੀ ਸੂਚੀ ਜਾਰੀ ਕਰੇ। ਹਮਾਸ ਨੇ ਬੰਧਕਾਂ ਦੇ ਨਾਮ ਜਾਰੀ ਕਰਨ ਵਿਚ ਦੇਰੀ ਲਈ ਤਕਨੀਕੀ ਕਾਰਨਾਂ ਦਾ ਹਵਾਲਾ ਦਿੱਤਾ। ਜੰਗਬੰਦੀ ਦੇ ਅਮਲ ’ਚ ਦੇਰੀ ਦੌਰਾਨ ਹੀ ਇਜ਼ਰਾਈਲ ਨੇ ਖ਼ਾਨ ਯੂਨਿਸ ’ਚ ਹਵਾਈ ਹਮਲਾ ਕੀਤਾ ਜਿਸ ’ਚ 26 ਵਿਅਕਤੀਆਂ ਦੀ ਮੌਤ ਦਾ ਦਾਅਵਾ ਕੀਤਾ ਗਿਆ ਹੈ।
ਉਧਰ ਇਜ਼ਰਾਈਲ ਦੇ ਕੱਟੜਪੰਥੀ ਕੌਮੀ ਸੁਰੱਖਿਆ ਮੰਤਰੀ ਇਤਾਮਾਰ ਬੇਨ-ਗਵੀਰ ਦੀ ਜਿਊਸ਼ ਪਾਵਰ ਪਾਰਟੀ ਨੇ ਕਿਹਾ ਕਿ ਜੰਗਬੰਦੀ ਦੇ ਵਿਰੋਧ ’ਚ ਉਨ੍ਹਾਂ ਦੇ ਕੈਬਨਿਟ ਮੰਤਰੀਆਂ ਨੇ ਅੱਜ ਸਰਕਾਰ ਤੋਂ ਅਸਤੀਫ਼ੇ ਦੇ ਦਿੱਤੇ ਹਨ। ਇਸ ਨਾਲ ਨੇਤਨਯਾਹੂ ਦੀ ਅਗਵਾਈ ਹੇਠਲਾ ਗੱਠਜੋੜ ਕਮਜ਼ੋਰ ਜ਼ਰੂਰ ਹੋਵੇਗਾ ਪਰ ਇਸ ਨਾਲ ਜੰਗਬੰਦੀ ਦੇ ਅਮਲ ’ਤੇ ਕੋਈ ਅਸਰ ਨਹੀਂ ਪਵੇਗਾ।