ਜੰਗਬੰਦੀ ਸਮਝੌਤੇ ’ਤੇ ਸਹਿਮਤ ਹੋਏ ਇਜ਼ਰਾਈਲ ਅਤੇ ਹਮਾਸ, 15 ਮਹੀਨਿਆਂ ਤੋਂ ਚਲ ਰਹੀ ਜੰਗ ’ਤੇ ਲੱਗੇਗੀ ਅਸਥਾਈ ਰੋਕ

ਮੈਲਬਰਨ : ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਨੇ ਪੁਸ਼ਟੀ ਕੀਤੀ ਹੈ ਕਿ ਇਜ਼ਰਾਈਲ ਅਤੇ ਹਮਾਸ ਜੰਗਬੰਦੀ ਸਮਝੌਤੇ ’ਤੇ ਸਹਿਮਤ ਹੋ ਗਏ ਹਨ, ਜਿਸ ਨਾਲ ਗਾਜ਼ਾ ਪੱਟੀ ’ਚ 15 ਮਹੀਨਿਆਂ ਤੋਂ ਚੱਲ ਰਹੇ ਵਿਨਾਸ਼ਕਾਰੀ ਯੁੱਧ ’ਤੇ ਅਸਥਾਈ ਰੋਕ ਲੱਗ ਗਈ ਹੈ। ਕਤਰ ਵਿਚ ਹਫਤਿਆਂ ਦੀ ਗੱਲਬਾਤ ਤੋਂ ਬਾਅਦ ਹੋਏ ਇਸ ਸਮਝੌਤੇ ਵਿਚ ਔਰਤਾਂ, ਬਜ਼ੁਰਗਾਂ ਅਤੇ ਜ਼ਖਮੀਆਂ ਸਮੇਤ ਹਮਾਸ ਦੁਆਰਾ ਹਿਰਾਸਤ ਵਿਚ ਲਏ ਗਏ ਦਰਜਨਾਂ ਬੰਧਕਾਂ ਦੀ ਪੜਾਅਵਾਰ ਰਿਹਾਈ ਸ਼ਾਮਲ ਹੈ। ਹਾਲਾਂਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫਤਰ ਨੇ ਸਮਝੌਤੇ ਦੀ ਪੁਸ਼ਟੀ ਨਹੀਂ ਕੀਤੀ ਹੈ।

ਸਮਝੌਤੇ ਅਨੁਸਾਰ ਹਮਾਸ ਇਜ਼ਰਾਈਲ ਦੇ ਦਰਜਨਾਂ ਬੰਧਕਾਂ ਨੂੰ ਰਿਹਾਅ ਕਰੇਗਾ, ਜਿਸ ਦਾ ਪਹਿਲਾ ਪੜਾਅ ਐਤਵਾਰ ਤੋਂ ਸ਼ੁਰੂ ਹੋਵੇਗਾ। ਬਦਲੇ ’ਚ ਇਜ਼ਰਾਈਲ ਸੈਂਕੜੇ ਫਲਸਤੀਨੀ ਕੈਦੀਆਂ ਨੂੰ ਰਿਹਾਅ ਕਰੇਗਾ। ਇਜ਼ਰਾਈਲ ਗਾਜ਼ਾ ਦੇ ਆਬਾਦੀ ਵਾਲੇ ਇਲਾਕਿਆਂ ਤੋਂ ਆਪਣੀਆਂ ਫੌਜਾਂ ਨੂੰ ਵੀ ਵਾਪਸ ਬੁਲਾਏਗਾ।

ਇਹ ਸਮਝੌਤਾ ਲੱਖਾਂ ਵਿਸਥਾਪਿਤ ਲੋਕਾਂ ਨੂੰ ਘਰ ਪਰਤਣ ਦੀ ਆਗਿਆ ਦੇਵੇਗਾ ਅਤੇ ਤਬਾਹ ਹੋਏ ਖੇਤਰਾਂ ਤੱਕ ਮਨੁੱਖੀ ਸਹਾਇਤਾ ਨੂੰ ਪਹੁੰਚਣ ਦੇ ਯੋਗ ਬਣਾਏਗਾ। ਬਾਈਡੇਨ ਨੇ ਸਮਝੌਤੇ ’ਤੇ ਸੰਤੁਸ਼ਟੀ ਜ਼ਾਹਰ ਕਰਦਿਆਂ ਕਿਹਾ ਕਿ ਹਮਾਸ ’ਤੇ ਇਜ਼ਰਾਈਲ ਦੇ ਦਬਾਅ ਤੋਂ ਬਿਨਾਂ ਇਹ ਨਹੀਂ ਹੋ ਸਕਦਾ ਸੀ।