Peter Dutton ਨੇ ਮੈਲਬਰਨ ਤੋਂ ਸ਼ੁਰੂ ਕੀਤੀ ਫੈਡਰਲ ਚੋਣਾਂ ਲਈ ਮੁਹਿੰਮ, ਜਾਣੋ 2025 ਦੇ ਪਹਿਲੇ ਸੰਬੋਧਨ ’ਚ ਵਿਰੋਧੀ ਧਿਰ ਦੇ ਲੀਡਰ ਨੇ ਕੀ ਕੀਤੇ ਵਾਅਦੇ

ਮੈਲਬਰਨ : Peter Dutton ਨੇ ਆਗਾਮੀ ਫੈਡਰਲ ਚੋਣਾਂ ਲਈ coalition ਦੀ ਮੁਹਿੰਮ ਦੀ ਸ਼ੁਰੂਆਤ ਮੈਲਬਰਨ ਦੇ ਈਸਟ ਵਿਚ ਇਕ ਰੈਲੀ ਨਾਲ ਕੀਤੀ ਹੈ, ਜਿਸ ਵਿਚ Anthony Albanese ਦੀ ਸਰਕਾਰ ਨੂੰ ਹਟਾਉਣ ਲਈ ਪ੍ਰਮੁੱਖ ਸੀਟਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। Dutton ਨੇ ਵੋਟਰਾਂ ਨੂੰ ਨਿੱਜੀ ਅਪੀਲ ਕੀਤੀ, ਸਰਕਾਰੀ ਖਰਚਿਆਂ ’ਤੇ ਲਗਾਮ ਲਗਾਉਣ ਅਤੇ ਰਹਿਣ-ਸਹਿਣ ਦੀ ਲਾਗਤ ਦੇ ਦਬਾਅ ਨੂੰ ਦੂਰ ਕਰਨ ਦਾ ਵਾਅਦਾ ਕੀਤਾ।

Coalition ਦੀ ਮੁਹਿੰਮ ਆਰਥਿਕ ਸਥਿਰਤਾ, ਇਮੀਗ੍ਰੇਸ਼ਨ ਸੁਧਾਰਾਂ ਅਤੇ ਸਿਹਤ ਸੰਭਾਲ ’ਤੇ ਕੇਂਦਰਤ ਹੈ। ਦੇਸ਼ ਦੇ ਰਿਹਾਇਸ਼ੀ ਸੰਕਟ ਨਾਲ ਨਜਿੱਠਣ ਲਈ Dutton ਨੇ ਮਹਿੰਗੀਆਂ ਕੀਮਤਾਂ ਦੇ ਮੁੱਦੇ ਨੂੰ ਪ੍ਰਵਾਸ ਨੀਤੀਆਂ ਨਾਲ ਜੋੜਿਆ ਅਤੇ ਸਰਕਾਰੀ ਖਰਚਿਆਂ ਨੂੰ ਘਟਾਉਣ ਦਾ ਸੰਕਲਪ ਲਿਆ। ਡਟਨ ਨੇ ਬਿਜਲੀ ਦੇ ਬਿੱਲ ’ਚ ਲੇਬਰ ਦੀ 300 ਡਾਲਰ ਦੀ ਛੋਟ ਦੀ ਆਲੋਚਨਾ ਕੀਤੀ ਅਤੇ ਇਸ ਨੂੰ ‘ਮਿੱਠੀ ਗੋਲੀ’ ਕਰਾਰ ਦਿੱਤਾ ਜੋ ਵਿਆਪਕ ਆਰਥਿਕ ਚੁਣੌਤੀਆਂ ਨਾਲ ਨਜਿੱਠਣ ਵਿੱਚ ਅਸਫਲ ਰਹੀ। ਉਨ੍ਹਾਂ ਨੇ ਸਰਕਾਰੀ ਖਰਚਿਆਂ ਨੂੰ ਘਟਾਉਣ ਦੀ ਵੀ ਸਹੁੰ ਖਾਧੀ ਅਤੇ ਮੈਡੀਕੇਅਰ ਵਿੱਚ ਕੋਈ ਕਟੌਤੀ ਨਾ ਕਰਨ ਦਾ ਵਾਅਦਾ ਕੀਤਾ।

ਉਨ੍ਹਾਂ ਨੇ ਲੇਬਰ ਪਾਰਟੀ ਦੇ ਅਧੀਨ ਆਸਟ੍ਰੇਲੀਆ ਦੇ ਨਿਘਾਰ ਨੂੰ ਉਲਟਾਉਣ ਦੇ ਆਪਣੇ ਦ੍ਰਿਸ਼ਟੀਕੋਣ ’ਤੇ ਜ਼ੋਰ ਦਿੱਤਾ ਅਤੇ ਚੋਣਾਂ ਨੂੰ ਸੰਘਰਸ਼ ਕਰ ਰਹੇ ਆਸਟ੍ਰੇਲੀਆਈ ਲੋਕਾਂ ਲਈ ਉਮੀਦ ਅਤੇ ਮੌਕੇ ਬਹਾਲ ਕਰਨ ਦਾ ਆਖਰੀ ਮੌਕਾ ਦੱਸਿਆ।

Dutton ਤੋਂ ਇਲਾਵਾ David Littleproud ਅਤੇ ਵਿਕਟੋਰੀਆ ਦੇ ਵਿਰੋਧੀ ਧਿਰ ਦੇ ਨੇਤਾ Brad Battin ਸਮੇਤ coalition ਦੇ ਪ੍ਰਮੁੱਖ ਲੀਡਰਾਂ ਨੇ ਰੈਲੀ ਵਿਚ ਹਿੱਸਾ ਲਿਆ। ਹਾਲਾਂਕਿ, ਬਾਹਰ ਪ੍ਰਦਰਸ਼ਨਕਾਰੀਆਂ ਨੇ coalition ਦੀਆਂ ਨੀਤੀਆਂ, ਖਾਸ ਕਰਕੇ ਪ੍ਰਮਾਣੂ ਊਰਜਾ ‘ਤੇ ਇਸ ਦੇ ਰੁਖ ਦਾ ਵਿਰੋਧ ਕੀਤਾ।