ਵਿਕਟੋਰੀਆ ’ਚ ਘਾਤਕ ਜਾਪਾਨੀ ਇਨਸੇਫਲਾਈਟਿਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ, ਸਿਹਤ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ

ਮੈਲਬਰਨ : ਵਿਕਟੋਰੀਆ ’ਚ ਘਾਤਕ ਜਾਪਾਨੀ ਇਨਸੇਫਲਾਈਟਿਸ ਵਾਇਰਸ ਨਾਲ ਪੀੜਤ ਇਕ ਵਿਅਕਤੀ ਦਾ ਪਤਾ ਲੱਗਾ ਹੈ। ਸਟੀਫਨ ਬਾਂਡ ਮੱਛਰ ਦੇ ਕੱਟਣ ਨਾਲ ਜਾਪਾਨੀ ਇਨਸੇਫਲਾਈਟਿਸ ਵਾਇਰਸ ਦੀ ਲਪੇਟ ’ਚ ਆਉਣ ਤੋਂ ਬਾਅਦ ਹਸਪਤਾਲ ’ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਬਾਂਡ ਦੀ ਸਿਹਤ ਤੇਜ਼ੀ ਨਾਲ ਵਿਗੜਨ ਕਾਰਨ ਉਸ ਨੂੰ ਹਵਾਈ ਜਹਾਜ਼ ਰਾਹੀਂ ਮੈਲਬਰਨ ਦੇ ਸੇਂਟ ਵਿਨਸੈਂਟ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਇਸ ਗਰਮੀਆਂ ਵਿੱਚ ਵਿਕਟੋਰੀਆ ਵਿੱਚ ਜਾਪਾਨੀ ਇਨਸੇਫਲਾਈਟਿਸ ਦਾ ਇਹ ਪਹਿਲਾ ਪਛਾਣਿਆ ਗਿਆ ਮਾਮਲਾ ਹੈ। ਸਿਹਤ ਅਧਿਕਾਰੀਆਂ ਨੇ ਵਾਇਰਸ ਬਾਰੇ ਚੇਤਾਵਨੀ ਜਾਰੀ ਕੀਤੀ ਹੈ, ਜੋ ਦਿਮਾਗ ਦੀ ਗੰਭੀਰ ਸੋਜ ਅਤੇ ਮੌਤ ਦਾ ਕਾਰਨ ਬਣ ਸਕਦਾ ਹੈ, ਅਤੇ ਆਸਟ੍ਰੇਲੀਆ ਦੇ ਲੋਕਾਂ ਨੂੰ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ ਪੂਰੀ ਸਰੀਰ ਨੂੰ ਢਕਣ ਵਾਲੇ ਕੱਪੜੇ ਪਹਿਨਣ ਅਤੇ ਮੱਛਰਾਂ ਨੂੰ ਭਜਾਉਣ ਲਈ ਰੈਪਲੈਂਟਸ ਦਾ ਪ੍ਰਯੋਗ ਕਰਨ ਵਰਗੇ ਉਪਾਅ ਕਰਨ ਦੀ ਅਪੀਲ ਕਰ ਰਹੇ ਹਨ।