Adelaide ਵਾਸੀ ਨੂੰ ਮਿਲਿਆ ਨਵੇਂ ਸਾਲ ਦਾ ਤੋਹਫ਼ਾ, 4.8 ਮਿਲੀਅਨ ਡਾਲਰ ਦੀ ਲਾਟਰੀ ਜਿੱਤਣ ਮਗਰੋਂ ਆਪਣਾ ਘਰ ਬਣਾਉਣ ਦੀ ਯੋਜਨਾ

ਮੈਲਬਰਨ : Adelaide ਦੇ ਇੱਕ ਪਿਤਾ ਦਾ ਆਪਣੇ ਪਰਿਵਾਰ ਲਈ ਨਵਾਂ ਘਰ ਬਣਾਉਣ ਦਾ ਲੰਬੇ ਸਮੇਂ ਤੋਂ ਸੁਪਨਾ ‘ਜ਼ਿੰਦਗੀ ਬਦਲਣ ਵਾਲੀ’ ਲਾਟਰੀ ਜਿੱਤਣ ਤੋਂ ਬਾਅਦ ਪੂਰਾ ਹੋਣ ਨੇੜੇ ਹੈ। ਸ਼ਹਿਰ ਦੇ ਨੌਰਥ ’ਚ ਸਥਿਤ Davoren Park ਦੇ ਰਹਿਣ ਵਾਲੇ ਇਸ ਵਿਅਕਤੀ ਨੇ ਬੀਤੀ ਰਾਤ 4.8 ਮਿਲੀਅਨ ਡਾਲਰ ਦਾ ਡਰਾਅ ਜਿੱਤਿਆ। ਇਨਾਮ ਦਾ ਭੁਗਤਾਨ 20 ਸਾਲਾਂ ਲਈ ਪ੍ਰਤੀ ਮਹੀਨਾ 20,000 ਡਾਲਰ ਦੀਆਂ ਕਿਸ਼ਤਾਂ ਵਿੱਚ ਕੀਤਾ ਜਾਵੇਗਾ। ਆਪਣੀ ਜਿੱਤ ’ਤੇ ਹੈਰਾਨਗੀ ਪ੍ਰਗਟ ਕਰਦਿਆਂ ਉਸ ਨੇ ਕਿਹਾ, ‘‘ਇਹ ਜ਼ਿੰਦਗੀ ਬਦਲਣ ਵਾਲੀ ਜਿੱਤ ਹੈ। ਮੇਰੇ ਛੋਟੇ-ਛੋਟੇ ਬੱਚੇ ਹਨ, ਅਤੇ ਇਸ ਨਾਲ ਸਾਨੂੰ ਇੱਕ ਘਰ ਬਣਾਉਣ ਵਿੱਚ ਮਦਦ ਮਿਲੇਗੀ। ਮੈਂ ਹਮੇਸ਼ਾ ਸਾਡੇ ਲਈ ਇੱਕ ਵਧੀਆ ਪਰਿਵਾਰਕ ਘਰ ਬਣਾਉਣਾ ਚਾਹੁੰਦਾ ਸੀ।’’

ਉਸ ਨੇ ਮੰਨਿਆ ਕਿ ਬੀਤੀ ਰਾਤ ਜਦੋਂ ਉਸ ਨੂੰ ਲਾਟਰੀ ਜਿੱਤਣ ਬਾਰੇ ਪਤਾ ਲੱਗਾ ਤਾਂ ਉਹ ਜ਼ਿਆਦਾ ਸੌਂ ਨਹੀਂ ਸਕਿਆ। ਉਸ ਨੇ ਕਿਹਾ, ‘‘ਮੈਂ ਬੀਤੀ ਰਾਤ ਆਪਣੀ ਟਿਕਟ ਵੇਖੀ, ਦੇਖਿਆ ਕਿ ਮੈਂ ਲਾਟਰੀ ਜਿੱਤ ਲਈ ਹੈ ਅਤੇ ਆਪਣੀ ਪਤਨੀ ਨੂੰ ਦਿਖਾਇਆ, ਪਰ ਉਸ ਨੂੰ ਵੀ ਯਕੀਨ ਨਹੀਂ ਆ ਰਿਹਾ ਸੀ। ਸਾਰੀ ਰਾਤ ਅਸੀਂ ਸੱਚਮੁੱਚ ਜਾਗਦੇ ਰਹੇ।’’ ‘ਸੈੱਟ ਫਾਰ ਲਾਈਫ’ ਟਿਕਟ ਖਰੀਦਣ ਵਾਲੇ ਇਸ ਵਿਅਕਤੀ ਨੇ The Lott ਦੀ ਮੋਬਾਈਲ ਐਪ ਰਾਹੀਂ ਆਪਣੀ ਜੇਤੂ ਐਂਟਰੀ ਖਰੀਦੀ ਸੀ। ਉਹ ਆਸਟ੍ਰੇਲੀਆ ਵਿਚ ਇਕਲੌਤਾ ਡਿਵੀਜ਼ਨ ਵਨ ਜੇਤੂ ਸੀ।