ਚੰਡੀਗੜ੍ਹ : ਪੰਜਾਬ ਪੁਲੀਸ ਵੱਲੋਂ ਪਾਕਿਸਤਾਨ ਅਧਾਰਿਤ ਖਾਲਿਸਤਾਨ ਜ਼ਿੰਦਾਬਾਦ ਫੋਰਸ (ਕੇਜ਼ੈੱਡਐੱਫ) ਦੇ ਮੁਖੀ ਰਣਜੀਤ ਸਿੰਘ ਨੀਟਾ ਦੀ ਸਰਪ੍ਰਸਤੀ ਵਾਲੇ ਦਹਿਸ਼ਤੀ ਮਾਡਿਊਲ ਦੀ ਕੀਤੀ ਜਾਂਚ ਵਿਚ ਬਰਤਾਨਵੀ ਸਿੱਖ ਫੌਜੀ ਜਗਜੀਤ ਸਿੰਘ ਉਰਫ਼ ਫ਼ਤਹਿ ਸਿੰਘ ਬਾਗ਼ੀ ਦਾ ਨਾਂ ਸਾਹਮਣੇ ਆਇਆ ਹੈ, ਜਿਸ ਦਾ ਹੱਥ ਸੂਬੇ ਦੇ ਪੁਲੀਸ ਥਾਣਿਆਂ ਵਿਚ ਹੋਏ ਹਾਲੀਆ ਗ੍ਰੇਨੇਡ ਹਮਲਿਆਂ ਪਿੱਛੇ ਦੱਸਿਆ ਜਾਂਦਾ ਹੈ।
ਜ਼ਿਕਰਯੋਗ ਹੈ ਕਿ 24 ਦਸੰਬਰ ਨੂੰ ਸਵੇਰੇ-ਸਵੇਰੇ ਉੱਤਰ ਪ੍ਰਦੇਸ਼ ਦੇ ਪੀਲੀਭੀਤ ’ਚ ਤਿੰਨ ਕਥਿਤ ਅਤਿਵਾਦੀ ਪੰਜਾਬ ਅਤੇ ਯੂ.ਪੀ. ਪੁਲਿਸ ਨਾਲ ਮੁਕਾਬਲੇ ’ਚ ਮਾਰੇ ਗਏ ਸਨ। ਇਹ ਤਿੰਨੇ ਕਥਿਤ ਤੌਰ ’ਤੇ ਗੁਰਦਾਸਪੁਰ ਦੀ ਇਕ ਪੁਲਿਸ ਚੌਕੀ ’ਤੇ ਹਮਲਾ ਕਰ ਕੇ ਭੱਜੇ ਸਨ ਅਤੇ ਨੇਪਾਲ ਜਾਣ ਦੀ ਕੋਸ਼ਿਸ਼ ’ਚ ਸਨ। ਇਨ੍ਹਾਂ ਦੇ ਐਨਕਾਊਂਟਰ ਸਾਰੇ ਹੁਣ ਕਈ ਜਾਣਕਾਰੀਆਂ ਸਾਹਮਣੇ ਆਈਆਂ ਹਨ। ਇਹ ਵੀ ਪਤਾ ਲਗਿਆ ਹੈ ਕਿ ਇਨ੍ਹਾਂ ਦਾ ਹੈਂਡਲਰ ਇੱਕ ਬ੍ਰਿਟਿਸ਼ ਫ਼ੌਜੀ ਹੈ।
ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਮਾਡਿਊਲਾਂ ਦੀ ਜਾਂਚ ਦੌਰਾਨ ਬਰਤਾਨਵੀ ਫੌਜ ਵਿਚ ਸਿੱਖ ਫੌਜੀ ਜਗਜੀਤ ਸਿੰਘ (37) ਦਾ ਨਾਮ ਸਾਹਮਣੇ ਆਇਆ, ਜੋ ਪਿੱਛੋਂ ਤਰਨ ਤਾਰਨ ਦੇ ਪਿੰਡ ਮੀਆਂਪੁਰ ਦਾ ਰਹਿਣ ਵਾਲਾ ਹੈ। ਅਜਿਹਾ ਸ਼ੱਕ ਹੈ ਕਿ ਜਗਜੀਤ ਸਿੰਘ ਆਪਣੀ ਅਸਲ ਪਛਾਣ ਲੁਕਾਉਣ ਲਈ ਫ਼ਤਹਿ ਸਿੰਘ ਬਾਗ਼ੀ ਦਾ ਨਾਮ ਵਰਤ ਰਿਹਾ ਸੀ। ਪੁਲੀਸ ਅਧਿਕਾਰੀ ਨੇ ਕਿਹਾ ਕਿ ਜਗਜੀਤ ਸਿੰਘ 2010 ਵਿਚ ਵਿਦਿਆਰਥੀ ਵੀਜ਼ੇ ’ਤੇ ਯੂਕੇ ਗਿਆ ਸੀ। ਆਪਣੀ ਪੜ੍ਹਾਈ ਪੂਰੀ ਕਰਨ ਮਗਰੋਂ ਉਹ 2013 ਵਿਚ ਬਰਤਾਨਵੀ ਫੌਜ ਵਿਚ ਸ਼ਾਮਲ ਹੋ ਗਿਆ। ਜਗਜੀਤ ਸਿੰਘ ਦੇ ਦਾਦਾ, ਪਿਤਾ ਤੇ ਭਰਾ ਤੋਂ ਇਲਾਵਾ ਹੋਰ ਕਈ ਰਿਸ਼ਤੇਦਾਰ ਭਾਰਤੀ ਫ਼ੌਜ ਵਿਚ ਰਹੇ ਹਨ।
ਯੂਕੇ ਜਾਣ ਮਗਰੋਂ ਜਗਜੀਤ ਸਿੰਘ ਬੱਬਰ ਖ਼ਾਲਸਾ ਇੰਟਰਨੈਸ਼ਨਲ (ਬੀਕੇਆਈ) ਤੇ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਸੰਪਰਕ ਵਿਚ ਆਇਆ। ਜਗਜੀਤ ਸਿੰਘ ਨੇ ਅਕਾਲਜੋਤ ਖਾਲਿਸਤਾਨ ਫੋਰਸ (ਏਕੇਐੱਫ) ਨਾਂ ਦੀ ਜਥੇਬੰਦੀ ਬਣਾਈ ਤੇ ਨਵੇਂ ਮੈਂਬਰ ਭਰਤੀ ਕਰਕੇ ਪੰਜਾਬ ਵਿਚ ਦਹਿਸ਼ਤੀ ਸਰਗਰਮੀਆਂ ਮੁੜ ਸ਼ੁਰੂ ਕਰਨ ਦੇ ਯਤਨ ਕੀਤੇ। ਜਗਜੀਤ ਸਿੰਘ ਅਜੇ ਵੀ ਬਰਤਾਨਵੀ ਫੌਜ ਵਿਚ ਹੈ ਜਾਂ ਨਹੀਂ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।
Source : The Tribune