ਮੈਲਬਰਨ : NSW ’ਚ ਰਹਿਣ ਵਾਲੇ ਇੱਕ ਵਿਅਕਤੀ ਨੂੰ ਕ੍ਰਿਸਮਸ ਦਾ ਬਿਹਤਰੀਨ ਤੋਹਫ਼ਾ ਮਿਲਿਆ ਹੈ ਜੋ ਰਾਤੋ ਰਾਤ ਮਿਲੀਅਨੇਅਰ ਬਣ ਗਿਆ ਹੈ। NSW ਦੇ Northern Rivers Casino ’ਚ ਰਹਿਣ ਵਾਲੇ ਇਸ ਵਿਅਕਤੀ ਨੇ ਆਪਣੀ ਸਥਾਨਕ ਨਿਊਜ਼ ਏਜੰਸੀ ਵਿੱਚ QuickPick 15-ਗੇਮ ਐਂਟਰੀ ਤੋਂ ਲਾਟਰੀ ਟਿਕਟ ਖ਼ਰੀਦੀ ਸੀ ਜਿਸ ਨੂੰ 1 ਮਿਲੀਅਨ ਡਾਲਰ ਦਾ ਇਨਾਮ ਲੱਗਾ। ਉਸ ਨੇ ਸ਼ੁੱਕਰਵਾਰ ਨੂੰ ਦੋ ਡਿਵੀਜ਼ਨ-ਵਨ ਐਂਟਰੀਆਂ ਵਿੱਚੋਂ ਇੱਕ ਜਿੱਤਿਆ।
ਜਦੋਂ Lott ਨੇ ਉਸ ਨੂੰ ਇਹ ਐਲਾਨ ਕਰਨ ਲਈ ਫ਼ੋਨ ਕੀਤਾ ਕਿ ਉਹ ਤੁਰੰਤ ਮਿਲੀਅਨੇਅਰ ਬਣ ਗਿਆ ਹੈ, ਤਾਂ ਆਦਮੀ ਦੇ ਹੰਝੂ ਨਿਕਲ ਆਏ। ਉਸ ਨੇ ਕਿਹਾ, ‘‘ਮੈਨੂੰ ਇਸ ’ਤੇ ਵਿਸ਼ਵਾਸ ਨਹੀਂ ਹੋ ਰਿਹਾ। ਮੈਨੂੰ ਤਾਂ ਸਾਰੀ ਰਾਤ ਨੀਂਦ ਨਹੀਂ ਆਈ, ਮੈਂ ਸੋਚਦਾ ਰਿਹਾ ਕਿ ਇਹ ਸੁਪਨਾ ਹੈ।’’ ਉਸ ਨੇ ਕਿਹਾ ਕਿ ਉਹ ਆਪਣੇ ਬੱਚਿਆਂ ਅਤੇ ਉਨ੍ਹਾਂ ਦੇ ਭਵਿੱਖ ਲਈ ਬਹੁਤ ਮਿਹਨਤ ਕਰਦਾ ਹੈ, ਅਤੇ ਹਰ ਰੋਜ਼ ਆਪਣੇ ਪਰਿਵਾਰ ਲਈ ਇਸ ਤਰ੍ਹਾਂ ਦੇ ਆਸ਼ੀਰਵਾਦ ਲਈ ਪ੍ਰਾਰਥਨਾ ਕਰਦਾ ਹੈ।
ਉਸ ਨੇ ਕਿਹਾ, ‘‘ਇਹ ਮੇਰੀ ਪੂਰੀ ਜ਼ਿੰਦਗੀ ਵਿੱਚ ਹੁਣ ਤੱਕ ਦਾ ਸਭ ਤੋਂ ਵਧੀਆ ਕ੍ਰਿਸਮਸ ਤੋਹਫ਼ਾ ਹੈ!’’ ਉਸਨੇ ਕਿਹਾ ਕਿ 1 ਮਿਲੀਅਨ ਡਾਲਰ ਉਸ ਨੂੰ ਘਰ ਖਰੀਦਣ ਵਿੱਚ ਮਦਦ ਕਰੇਗਾ ਅਤੇ ਉਹ ਕੰਮ ਕਰਨਾ ਜਾਰੀ ਰੱਖਣ ਦੀ ਯੋਜਨਾ ਬਣਾ ਰਿਹਾ ਹੈ।
ਜੇਤੂ ਟਿਕਟ ਵੇਚਣ ਵਾਲੇ ਪਲਾਜ਼ਾ ਨਿਊਜ਼ ਦੇ ਮਾਲਕ ਬਿਲ ਰੋਜ਼ ਨੇ ਕਿਹਾ ਕਿ ਉਨ੍ਹਾਂ ਦੇ ਸਟੋਰ ’ਤੇ 2018 ਤੋਂ ਬਾਅਦ ਹੁਣ ਤਕ ਡਿਵੀਜ਼ਨ-ਵਨ ਦਾ ਕੋਈ ਜੇਤੂ ਨਹੀਂ ਸੀ। ਦੂਜੀ ਜੇਤੂ ਟਿਕਟ ਵੈਸਟਰਨ ਆਸਟ੍ਰੇਲੀਆ ਵਿਚ ਵੇਚੀ ਗਈ।