ਮੈਲਬਰਨ : ਆਸਟ੍ਰੇਲੀਆ ਦੇ ਅਧਿਕਾਰੀਆਂ ਨੇ ਸੋਸ਼ਲ ਮੀਡੀਆ ’ਤੇ ਇਕ ਪਰੇਸ਼ਾਨ ਕਰਨ ਵਾਲਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ। ਵੀਡੀਓ ’ਚ ਮੈਲਬਰਨ ਦੇ ਇਕ ਵਿਅਕਤੀ Oscar Jenkins ਨੂੰ ਯੂਕਰੇਨ ਵਿਚ ਰੂਸੀ ਫ਼ੌਜੀਆਂ ਵੱਲੋਂ ਪੁੱਛਗਿੱਛ ਕਰਦੇ ਅਤੇ ਕੁੱਟਦੇ ਹੋਏ ਦਿਖਾਇਆ ਗਿਆ ਹੈ। ਆਸਟ੍ਰੇਲੀਆ ਅਤੇ ਯੂਕਰੇਨ ਦੋਵਾਂ ਵਿਚ ਰਹਿਣ ਵਾਲੇ 32 ਸਾਲ ਦੇ ਬਾਇਓਲੋਜੀ ਟੀਚਰ ਨੂੰ Kyiv ਤੋਂ ਲਗਭਗ 700 ਕਿਲੋਮੀਟਰ ਪੂਰਬ ਵਿਚ Kramatorsk ਵਿਚ ਫੜਿਆ ਗਿਆ ਸੀ। ਵੀਡੀਓ ’ਚ Jenkins ਕਹਿੰਦਾ ਹੈ ਕਿ ਉਹ ਯੂਕਰੇਨ ਦੀ ਮਦਦ ਕਰਨਾ ਚਾਹੁੰਦਾ ਸੀ।
PM Anthony Albanese ਨੇ ਵੀਡੀਓ ’ਤੇ ਚਿੰਤਾ ਜ਼ਾਹਰ ਕੀਤੀ ਹੈ ਅਤੇ ਭਰੋਸਾ ਦਿੱਤਾ ਹੈ ਕਿ ਮਾਸਕੋ ਵਿਚ ਆਸਟ੍ਰੇਲੀਆਈ ਕੌਂਸਲੇਟ ਅਤੇ ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ (DFAT) ਮਾਮਲੇ ਦੀ ਜਾਂਚ ਕਰ ਰਹੇ ਹਨ। ਆਸਟ੍ਰੇਲੀਆਈ ਸਰਕਾਰ ਇਹ ਮੰਨਦੇ ਹੋਏ ਸਹਾਇਤਾ ਪ੍ਰਦਾਨ ਕਰਨ ਅਤੇ ਤੱਥਾਂ ਦਾ ਪਤਾ ਲਗਾਉਣ ਲਈ ਕੰਮ ਕਰ ਰਹੀ ਹੈ ਕਿ ਰੂਸੀ ਅਕਸਰ ਗਲਤ ਜਾਣਕਾਰੀ ਫੈਲਾਉਂਦੇ ਹਨ।
ਇਹ ਘਟਨਾ 2022 ਵਿਚ ਰੂਸੀ ਹਮਲੇ ਤੋਂ ਬਾਅਦ ਯੂਕਰੇਨ ਵਿਚ ਲੜਦੇ ਹੋਏ ਕਈ ਆਸਟ੍ਰੇਲੀਆਈ ਮਾਰੇ ਜਾਣ ਤੋਂ ਬਾਅਦ ਹੋਈ ਹੈ। ਫਰੰਟ ਲਾਈਨ ’ਤੇ ਬਾਕੀ ਬਚੇ ਆਸਟ੍ਰੇਲੀਆਈ ਲੋਕਾਂ ਦੀ ਸਹੀ ਗਿਣਤੀ ਅਸਪਸ਼ਟ ਹੈ।