ਸਿਡਨੀ ’ਚ ਰੇਲ ਯੂਨੀਅਨ ਦੀ ਹੜਤਾਲ ਕਾਰਨ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਤ

ਮੈਲਬਰਨ : ਰੇਲ ਯੂਨੀਅਨ ਦੀ ਚੱਲ ਰਹੀ ਹੜਤਾਲ ਕਾਰਨ ਅੱਜ ਸਿਡਨੀ ਦੀਆਂ ਸੈਂਕੜੇ ਰੇਲ ਸੇਵਾਵਾਂ ਦੇਰੀ ਨਾਲ ਚੱਲੀਆਂ ਜਾਂ ਕੈਂਸਲ ਕੀਤੀਆਂ ਜਾ ਰਹੀਆਂ ਹਨ। 350 ਤੋਂ ਵੱਧ ਰੇਲ ਸੇਵਾਵਾਂ ਰੱਦ ਕਰ ਦਿੱਤੀਆਂ ਗਈਆਂ ਹਨ, ਜਿਸ ਨਾਲ T1 North Shore Line, T2 Leppington ਅਤੇ Inner West Line ਅਤੇ T8 Airport Line ਵਰਗੀਆਂ ਲਾਈਨਾਂ ਪ੍ਰਭਾਵਿਤ ਹੋਈਆਂ ਹਨ। ਯਾਤਰੀਆਂ ਨੂੰ ਰੇਲ ਸੇਵਾਵਾਂ ਵਿਚਾਲੇ ਇਕ ਘੰਟੇ ਤੱਕ ਦਾ ਫ਼ਰਕ ਆ ਰਿਹਾ ਹੈ ਅਤੇ ਸਿਡਨੀ ਟਰੇਨਸ ਨੇ ਲੋਕਾਂ ਨੂੰ ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਦੀ ਸਲਾਹ ਦਿਤੀ ਹੈ।

ਇਹ ਹੜਤਾਲ ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਛੁੱਟੀਆਂ ਤੋਂ ਪਹਿਲਾਂ ਕੀਤੀ ਗਈ ਹੈ, ਜਿਸ ਵਿੱਚ ਸਰਕਾਰ ਨੇ ਚੇਤਾਵਨੀ ਦਿੱਤੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਹੜਤਾਲ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੁਲਿਸ ਕਮਿਸ਼ਨਰ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਧਮਕੀ ਦਿੱਤੀ ਹੈ ਕਿ ਜੇਕਰ ਹੜਤਾਲ ਅੱਗੇ ਵਧਦੀ ਹੈ ਤਾਂ ਉਹ ਆਤਿਸ਼ਬਾਜ਼ੀ ਦਾ ਪ੍ਰਦਰਸ਼ਨ ਰੱਦ ਕਰ ਦੇਣਗੇ। ਸਰਕਾਰ ਇਸ ਮੁੱਦੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨ ਲਈ ਮੰਗਲਵਾਰ ਨੂੰ ਫੇਅਰ ਵਰਕ ਨਾਲ ਮੀਟਿੰਗ ਕਰ ਰਹੀ ਹੈ।