ਮੈਲਬਰਨ : ਪੰਜਾਬ ਦੇ ਫਗਵਾੜਾ ਵਿੱਚ ਇੱਕ ਸੜਕ ਹਾਦਸੇ ਦੌਰਾਨ ਇੱਕ NRI ਦੀ ਮੌਤ ਹੋ ਗਈ। ਦਿਲਪ੍ਰੀਤ ਮੈਲਬਰਨ ’ਚ ਰਹਿੰਦਾ ਸੀ ਅਤੇ 10 ਸਾਲ ਬਾਅਦ ਪੰਜਾਬ ਵਾਪਸ ਆਇਆ ਸੀ। ਪਰ ਇਸ ਤੋਂ ਪਹਿਲਾਂ ਕਿ ਉਹ ਲੁਧਿਆਣਾ ਵਿੱਚ ਆਪਣੇ ਘਰ ਪਹੁੰਚਦਾ, ਉਹ ਫਗਵਾੜਾ ਵਿੱਚ ਇੱਕ ਸੜਕ ਹਾਦਸੇ ਵਿੱਚ ਮਾਰਿਆ ਗਿਆ। ਇਸ ਹਾਦਸੇ ’ਚ ਦਿਲਪ੍ਰੀਤ ਦੀ ਮਾਂ ਗੁਰਿੰਦਰ ਕੌਰ ਜ਼ਖਮੀ ਹੋ ਗਈ, ਜੋ ਉਸ ਦੇ ਨਾਲ ਹੀ ਆਸਟ੍ਰੇਲੀਆ ਤੋਂ ਵਾਪਸ ਆਈ ਸੀ।
ਦਿਲਪ੍ਰੀਤ ਸਿੰਘ ਪਿੱਛੇ ਜਿਹੇ ਹੀ ਆਸਟ੍ਰੇਲੀਆ ਦਾ ਪੱਕਾ ਨਾਗਰਿਕ ਬਣਿਆ ਸੀ, ਜਦਕਿ ਉਸ ਦੀ ਮਾਂ ਉਸ ਨੂੰ ਲੈਣ ਲਈ ਇੱਕ ਮਹੀਨਾ ਪਹਿਲਾਂ ਹੀ ਆਸਟ੍ਰੇਲੀਆ ਗਈ ਸੀ। ਦਿਲਪ੍ਰੀਤ ਸਿੰਘ ਅਤੇ ਉਸ ਦੀ ਮਾਂ ਗੁਰਿੰਦਰ ਕੌਰ ਬੁੱਧਵਾਰ ਨੂੰ ਆਸਟ੍ਰੇਲੀਆ ਤੋਂ ਅੰਮ੍ਰਿਤਸਰ ਹਵਾਈ ਅੱਡੇ ’ਤੇ ਪਹੁੰਚੇ ਸਨ। ਇੱਥੋਂ ਉਨ੍ਹਾਂ ਨੇ ਲੁਧਿਆਣਾ ਜਾਣ ਲਈ ਟੈਕਸੀ ਕਿਰਾਏ ’ਤੇ ਲਈ ਸੀ।
ਪਰ ਫਗਵਾੜਾ ਨੇੜੇ ਫਲਾਈਓਵਰ ’ਤੇ ਗੰਨੇ ਨਾਲ ਭਰੀ ਟਰੈਕਟਰ-ਟਰਾਲੀ ਨੂੰ ਓਵਰਟੇਕ ਕਰਦੇ ਸਮੇਂ ਟੈਕਸੀ ਟਰੈਕਟਰ ਨਾਲ ਟਕਰਾ ਗਈ। ਦਿਲਪ੍ਰੀਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਥੇ ਹੀ ਅੰਮ੍ਰਿਤਸਰ ਦੇ ਟੈਕਸੀ ਡਰਾਈਵਰ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਲਿਜਾਇਆ ਜਿੱਥੇ ਇਲਾਜ ਦੌਰਾਨ ਉਸ ਦੀ ਵੀ ਮੌਤ ਹੋ ਗਈ। ਗੁਰਿੰਦਰ ਕੌਰ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਸਿਵਲ ਹਸਪਤਾਲ ਫਗਵਾੜਾ ਤੋਂ DMC ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਨੇ ਟਰੈਕਟਰ ਟਰਾਲੀ ਡਰਾਈਵਰ ਵਿਰੁਧ ਮਾਮਲਾ ਦਰਜ ਕਰ ਲਿਆ ਹੈ। ਉਹ ਫਰਾਰ ਹੈ ਅਤੇ ਪੁਲਿਸ ਉਸ ਦੀ ਭਾਲ ਕਰ ਰਹੀ ਹੈ।