Georgia ਦੇ ਸਕੀ ਰਿਜ਼ੋਰਟ ’ਚ 10 ਪੰਜਾਬੀਆਂ ਦੀ ਮੌਤ ਹੋਣ ਮਗਰੋਂ ਅਪਰਾਧ ਲਾਪਰਵਾਹੀ ਲਈ ਜਾਂਚ ਸ਼ੁਰੂ

ਮੈਲਬਰਨ : Georgia ਦੇ ਸਕੀ ਰਿਜ਼ਾਰਟ ਗੁਡੌਰੀ ਵਿਚ ਇਕ ਭਾਰਤੀ ਰੈਸਟੋਰੈਂਟ ਵਿਚ 12 ਲੋਕਾਂ ਦੀ ਲਾਸ਼ ਮਿਲਣ ਤੋਂ ਬਾਅਦ ਪੁਲਿਸ ਨੇ ਅਪਰਾਧਿਕ ਲਾਪਰਵਾਹੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਰਨ ਵਾਲਿਆਂ ’ਚੋਂ 10 ਪੰਜਾਬੀ, 1 ਉੱਤਰਾਖੰਡ ਵਾਸੀ ਅਤੇ 1 ਜੌਰਜੀਆ ਦਾ ਨਾਗਰਿਕ ਸ਼ਾਮਲ ਹੈ।

Georgia ਦੇ ਗ੍ਰਹਿ ਮੰਤਰਾਲੇ ਨੇ ਸ਼ਨੀਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਮੰਨਿਆ ਜਾ ਰਿਹਾ ਹੈ ਕਿ ਪੀੜਤ ਰੈਸਟੋਰੈਂਟ ’ਚ ਕੰਮ ਕਰਦੇ ਸਨ ਅਤੇ ਉਹ ਰੈਸਟੋਰੈਂਟ ਦੀ ਦੂਜੀ ਮੰਜ਼ਿਲ ’ਤੇ ਸਥਿਤ ਕਮਰੇ ’ਚ ਮਿਲੇ ਸਨ। ਪੁਲਿਸ ਨੇ ਕਿਹਾ ਕਿ ਘਟਨਾ ਵਾਲੀ ਥਾਂ ’ਤੇ ਹਿੰਸਾ ਦੇ ਕੋਈ ਸੰਕੇਤ ਨਹੀਂ ਸਨ, ਪਰ ਬੈੱਡਰੂਮ ਦੇ ਨੇੜੇ ਇੱਕ ਬੰਦ ਕਮਰੇ ਵਿੱਚ ਇੱਕ ਜਨਰੇਟਰ ਚੱਲਦਾ ਮਿਲਿਆ ਸੀ।

ਹਾਲਾਂਕਿ ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ ਮੌਤਾਂ ਦਾ ਕਾਰਨ ਕੀ ਹੈ, ਪਰ ਸਥਾਨਕ ਮੀਡੀਆ ਨੇ ਦੱਸਿਆ ਕਿ ਜਨਰੇਟਰ ’ਚੋਂ ਨਿਕਲੀ ਕਾਰਬਨ ਮੋਨੋਆਕਸਾਈਡ ਕਾਰਨ ਮੌਤ ਹੋਣ ਦੀ ਸੰਭਾਵਨਾ ਹੈ। ਹਾਲ ਹੀ ਦੇ ਸਾਲਾਂ ਵਿੱਚ ਜੌਰਜੀਆ ਅੰਦਰ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵੱਧ ਰਹੀ ਹੈ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਆਪਣੀ ਪੜ੍ਹਾਈ ਦੇ ਨਾਲ-ਨਾਲ ਕੰਮ ਵੀ ਕਰ ਰਹੇ ਹਨ।

ਮਰਨ ਵਾਲੇ 11 ਭਾਰਤੀਆਂ ਵਿੱਚ ਸਮੀਰ ਕੁਮਾਰ ਵਾਸੀ ਖੰਨਾ, ਗਗਨਦੀਪ ਸਿੰਘ ਵਾਸੀ ਘੱਲ ਕਲਾਂ (ਮੋਗਾ), ਹਰਵਿੰਦਰ ਸਿੰਘ, ਸੰਦੀਪ ਸਿੰਘ, ਵਰਿੰਦਰ ਸਿੰਘ, ਰਵਿੰਦਰ ਕੁਮਾਰ, ਰਵਿੰਦਰ ਸਿੰਘ ਵਾਸੀ ਸੁਨਾਮ, ਅਮਰਿੰਦਰ ਕੌਰ ਵਾਸੀ ਪਿੰਡ ਮਹਿਮਾ ਤਹਿਸੀਲ ਰਾਜਪੁਰਾ (ਪਟਿਆਲਾ), ਮਨਿੰਦਰ ਕੌਰ ਵਾਸੀ ਪਿੰਡ ਝੰਡਾ ਕਲਾਂ (ਮਾਨਸਾ), ਗੁਰਵਿੰਦਰ ਕੌਰ ਤੇ ਪ੍ਰੀਤਮ ਲਾਲ ਸ਼ਾਮਲ ਹਨ।