ਮੈਲਬਰਨ : ਇੰਗਲੈਂਡ ਦੀ ਸਾਬਕਾ ਕ੍ਰਿਕਟਰ ਅਤੇ ਕਮੈਂਟੇਟਰ ਈਸ਼ਾ ਗੁਹਾ ਨੇ ਭਾਰਤੀ ਗੇਂਦਬਾਜ਼ ਜਸਪ੍ਰੀਤ ਬੁਮਰਾਹ ’ਤੇ ਨਸਲੀ ਟਿੱਪਣੀ ਕਰਕੇ ਕ੍ਰਿਕਟ ਜਗਤ ’ਚ ਹਲਚਲ ਮਚਾ ਦਿੱਤੀ ਹੈ। ਇਹ ਘਟਨਾ ਆਸਟ੍ਰੇਲੀਆ ਦੇ ਗਾਬਾ ਮੈਦਾਨ ’ਤੇ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੱਲ ਰਹੇ ਟੈਸਟ ਮੈਚ ਦੌਰਾਨ ਵਾਪਰੀ, ਜਿੱਥੇ ਗੁਹਾ ਨੇ ਬੁਮਰਾਹ ਨੂੰ ‘ਮੋਸਟ ਵੈਲਿਊਏਬਲ ਪ੍ਰਾਈਮੇਟ’ ਕਹਿ ਕੇ ਵਿਵਾਦ ਖੜ੍ਹਾ ਕਰ ਦਿੱਤਾ।
ਗਾਬਾ ਟੈਸਟ ਮੈਚ ਦੇ ਦੂਜੇ ਦਿਨ ਜਦੋਂ ਜਸਪ੍ਰੀਤ ਬੁਮਰਾਹ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਦੋ ਵਿਕਟਾਂ ਲਈਆਂ ਤਾਂ ਗੁਹਾ ਨੇ ਬ੍ਰੇਟ ਲੀ ਨਾਲ ਕੁਮੈਂਟਰੀ ਕਰਦੇ ਹੋਏ ਇਹ ਟਿੱਪਣੀ ਕੀਤੀ ਅਤੇ ਕਿਹਾ, ‘‘ਬੁਮਰਾਹ MVP ਹੈ,ਮੋਸਟ ਵੈਲਿਊਏਬਲ ਪ੍ਰਾਈਮੇਟ।’’ ਇੱਥੇ ‘ਪ੍ਰਾਈਮੇਟ’ ਸ਼ਬਦ ਦੀ ਵਰਤੋਂ ਨਸਲੀ ਪ੍ਰਸੰਗ ਵਿੱਚ ਕੀਤੀ ਗਈ, ਜਿਸ ਦਾ ਅਰਥ ਹੈ ‘ਬਾਂਦਰ’। ਇਸ ਟਿੱਪਣੀ ਨੇ ਤੁਰੰਤ ਸੋਸ਼ਲ ਮੀਡੀਆ ’ਤੇ ਹੰਗਾਮਾ ਪੈਦਾ ਕਰ ਦਿੱਤਾ ਅਤੇ ਕ੍ਰਿਕਟ ਪ੍ਰੇਮੀਆਂ ਨੇ ਗੁਹਾ ਦੀ ਨਿੰਦਾ ਕੀਤੀ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਭਾਰਤੀ ਖਿਡਾਰੀਆਂ ਵਿਰੁੱਧ ਨਸਲੀ ਟਿਪਣੀ ਕੀਤੀ ਗਈ। 2008 ਦਾ ‘ਮੰਕੀਗੇਟ’ ਕਾਂਡ ਅੱਜ ਵੀ ਯਾਦ ਕੀਤਾ ਜਾਂਦਾ ਹੈ, ਜਦੋਂ ਹਰਭਜਨ ਸਿੰਘ ’ਤੇ ਐਂਡਰਿਊ ਸਾਈਮੰਡਸ ਨੂੰ ‘ਮੰਕੀ’ ਕਹਿਣ ਦਾ ਦੋਸ਼ ਲੱਗਾ ਸੀ। ਉਸ ਸਮੇਂ ਹਰਭਜਨ ਨੂੰ ਕੁਝ ਮੈਚਾਂ ਲਈ ਮੁਅੱਤਲ ਵੀ ਕੀਤਾ ਗਿਆ ਸੀ। ਗੁਹਾ ਦੀਆਂ ਟਿੱਪਣੀਆਂ ਨੇ ਇਸ ਕਾਂਡ ਦੀਆਂ ਯਾਦਾਂ ਵੀ ਤਾਜ਼ਾ ਕਰ ਦਿੱਤੀਆਂ ਅਤੇ ਕ੍ਰਿਕਟ ਜਗਤ ਵਿਚ ਇਕ ਨਵੀਂ ਬਹਿਸ ਛੇੜ ਦਿੱਤੀ।
ਹਾਲਾਂਕਿ ਗੁਹਾ ਨੇ ਵਿਵਾਦ ਤੋਂ ਬਾਅਦ ਤੁਰੰਤ ਮੁਆਫੀ ਵੀ ਮੰਗੀ ਲਈ। ਉਨ੍ਹਾਂ ਕਿਹਾ, ‘‘ਮੈਂ ਕੱਲ੍ਹ ਟਿੱਪਣੀ ਵਿੱਚ ਇੱਕ ਸ਼ਬਦ ਦੀ ਵਰਤੋਂ ਕੀਤੀ ਜੋ ਹਜ਼ਾਰ ਅਰਥ ਲੈ ਸਕਦਾ ਹੈ। ਮੈਂ ਉਨ੍ਹਾਂ ਸਾਰਿਆਂ ਤੋਂ ਮੁਆਫੀ ਮੰਗਣਾ ਚਾਹੁੰਦਾ ਹਾਂ ਜੋ ਮੇਰੀ ਟਿੱਪਣੀ ਨਾਲ ਦੁਖੀ ਹੋਏ ਹਨ।’’ ਉਸ ਨੇ ਇਹ ਵੀ ਕਿਹਾ ਕਿ ਉਸ ਦਾ ਉਦੇਸ਼ ਸਿਰਫ ਬੁਮਰਾਹ ਨੂੰ ਸਨਮਾਨ ਦੇਣਾ ਸੀ ਅਤੇ ਉਹ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੀ ਸੀ।
ਜਸਪ੍ਰੀਤ ਬੁਮਰਾਹ ਨੇ ਗਾਬਾ ਟੈਸਟ ’ਚ ਆਪਣੀ ਸ਼ਾਨਦਾਰ ਗੇਂਦਬਾਜ਼ੀ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਪਰ ਇਸ ਵਿਵਾਦ ਨੇ ਉਨ੍ਹਾਂ ਦੀਆਂ ਪ੍ਰਾਪਤੀਆਂ ’ਤੇ ਕੁਝ ਹੱਦ ਤੱਕ ਛਾਪ ਛੱਡ ਦਿੱਤੀ ਹੈ। ਤੀਜੇ ਟੈਸਟ ਦੀ ਪਹਿਲੀ ਵਾਰੀ ’ਚ ਬੁਮਰਾਹ ਨੇ ਆਸਟ੍ਰੇਲੀਆ ਦੇ ਛੇ ਖਿਡਾਰੀਆਂ ਨੂੰ ਆਊਟ ਕੀਤਾ।