ਮੈਲਬਰਨ ’ਚ ਦੋ ਪੰਜਾਬਣਾਂ ’ਤੇ ਚਾਕੂ ਨਾਲ ਹਮਲਾ, ਇੱਕ ਹਮਲਾਵਰ ਗ੍ਰਿਫ਼ਤਾਰ, ਬਾਕੀ ਫ਼ਰਾਰ

ਮੈਲਬਰਨ : ਪੰਜਾਬੀ ਮੂਲ ਦੀਆਂ ਦੋ ਭੈਣਾਂ ’ਤੇ ਉਨ੍ਹਾਂ ਦੇ ਘਰ ਬਾਹਰ ਹੀ ਇੱਕ ਨੌਜੁਆਨ ਨੇ ਚਾਕੂ ਨਾਲ ਹਮਲਾ ਕਰ ਦਿੱਤਾ। ਇਹ ਘਟਨਾ ਮੈਲਬਰਨ ਦੇ ਸਾਊਥ-ਵੈਸਟ ’ਚ ਸਥਿਤ Manor Lakes ’ਚ ਵਾਪਰੀ ਜਦੋਂ ਦੋਵੇਂ ਭੈਣਾਂ ਰਾਤ 11 ਕੁ ਵਜੇ ਆਪਣੇ ਘਰ ਬਾਹਰ ਆਪਣੀ ਕਾਰ ’ਚੋਂ ਨਿਕਲਣ ਲਗੀਆਂ ਸਨ ਜਦੋਂ ਹਮਲਾਵਰ ਨੇ ਦੋਹਾਂ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ ਅਤੇ ਕਾਰ ਲੁੱਟ ਕੇ ਫ਼ਰਾਰ ਹੋ ਗਿਆ।

ਦੋਵੇਂ ਭੈਣਾਂ ਦੀ ਪਛਾਣ ਜਾਰੀ ਨਹੀਂ ਕੀਤੀ ਗਈ ਹੈ ਪਰ ਉਹ ਪੰਜਾਬੀ ਮੂਲ ਦੀਆਂ ਦਸੀਆਂ ਜਾ ਰਹੀਆਂ ਹਨ। ਦੋਵੇਂ ਆਪਣੀ ਕਾਰ ’ਚ ਹੀ ਸਨ ਜਦੋਂ ਇੱਕ ਚਿੱਟੇ ਰੰਗ ਦੀ ਕਾਰ ਉਨ੍ਹਾਂ ਕੋਲ ਆ ਕੇ ਰੁਕੀ ਅਤੇ ਉਸ ਵਿੱਚੋਂ ਹਮਲਾਵਰ ਵੱਡਾ ਚਾਕੂ (machetes) ਲੈ ਕੇ ਬਾਹਰ ਆਏ ਅਤੇ ਉਸ ਨੂੰ ਇੱਕ ਔਰਤ ਦੀ ਧੌਣ ’ਤੇ ਰੱਖ ਦਿੱਤਾ ਅਤੇ ਸੀਟਬੈਲਟ ਕੱਟ ਦਿੱਤੀ। ਦੋਹਾਂ ਨੂੰ ਕਾਰ ਤੋਂ ਬਾਹਰ ਸੁੱਟ ਦਿੱਤਾ ਗਿਆ। ਇਸ ਦੌਰਾਨ ਇੱਕ ਔਰਤ ਦਾ ਹੱਥ ਕੱਟਿਆ ਗਿਆ।

ਹਾਲਾਂਕਿ ਪੁਲਿਸ ਨੇ ਚੋਰੀ ਹੋਈ ਕਾਰ ਨੂੰ ਥੋੜ੍ਹੀ ਦੇਰ ਬਾਅਦ Keilor Downs ਦੇ Calder Freeway ’ਤੇ ਰੋਕ ਲਿਆ। ਫਿਰ ਪੁਲਿਸ ਡੌਗ ਸਕੁਐਡ ਦੀ ਵਰਤੋਂ ਨਾਲ ਇੱਕ 22 ਸਾਲ ਦੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ। ਉਸ ’ਤੇ ਕਈ ਅਪਰਾਧਾਂ ਦਾ ਦੋਸ਼ ਲਗਾਇਆ ਗਿਆ ਹੈ ਅਤੇ ਮਾਰਚ ਤੱਕ ਸਲਾਖਾਂ ਪਿੱਛੇ ਭੇਜ ਦਿੱਤਾ ਗਿਆ ਸੀ। ਉਸ ਦੇ ਕਥਿਤ ਸਾਥੀ ਅਜੇ ਵੀ ਫਰਾਰ ਹਨ।

‘ਚਾਕੂ ਕੋਈ ਮਜ਼ੇ ਲਈ ਤਾਂ ਨਹੀਂ ਰਖਦਾ’

Manor Lakes ਦੇ ਵਸਨੀਕ ਸ਼ਮਸ਼ੇਰ ਕੈਂਥ ਨੇ ਮੀਡੀਆ ਨਾਲ ਗੱਲਬਾਤ ’ਚ ਦੱਸਿਆ ਕਿ ਇਹ ਘਟਨਾ ‘ਕਾਫ਼ੀ ਡਰਾ ਦੇਣ ਵਾਲੀ’ ਸੀ। ਉਸ ਨੇ ਕਿਹਾ, ‘‘ਕੁਝ ਕਰਨ ਦੀ ਜ਼ਰੂਰਤ ਹੈ, ਪਰ ਸਿਆਸਤਦਾਨ ਅਸਲ ਵਿੱਚ ਇਸ ਤਰ੍ਹਾਂ ਦੇ ਅਪਰਾਧ ਨੂੰ ਰੋਕਣ ਲਈ ਬਹੁਤ ਕੁਝ ਨਹੀਂ ਕਰਦੇ। ਚਾਕੂ ਰੱਖਣ ਵਾਲੇ ਲੋਕਾਂ ਲਈ ਸਖਤ ਜੁਰਮਾਨੇ ਦੀ ਜ਼ਰੂਰਤ ਹੈ। ਕੋਈ ਚਾਕੂ ਮਜ਼ੇ ਲਈ ਤਾਂ ਨਹੀਂ ਰਖਦਾ। ਉਹ ਗੰਭੀਰ ਜੁਰਮ ਕਰਨ ਜਾ ਰਹੇ ਹਨ, ਉਨ੍ਹਾਂ ਨੂੰ ਸਲਾਖਾਂ ਪਿੱਛੇ ਬੰਦ ਕਿਉਂ ਨਹੀਂ ਕੀਤਾ ਜਾਂਦਾ?’’