PM Albanese ਦਾ ਵੱਡਾ ਚੋਣ ਵਾਅਦਾ, ‘ਚਾਈਲਡ ਕੇਅਰ’ ’ਤੇ ਪਰਿਵਾਰਾਂ ਨੂੰ ਮਿਲੇਗੀ ਪ੍ਰਤੀ ਹਫਤੇ ਤਿੰਨ ਦਿਨਾਂ ਦੀ ਸਬਸਿਡੀ

ਮੈਲਬਰਨ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ Anthony Albanese ਨੇ ਅੱਜ ਇੱਕ ਵੱਡਾ ਐਲਾਨ ਕਰਦਿਆਂ ਕਿਹਾ ਕਿ ਸਾਲਾਨਾ 530,000 ਡਾਲਰ ਤੱਕ ਦੀ ਕਮਾਈ ਕਰਨ ਵਾਲੇ ਪਰਿਵਾਰਾਂ ਲਈ ਪ੍ਰਤੀ ਹਫਤੇ ਤਿੰਨ ਦਿਨਾਂ ਦੀ ਸਬਸਿਡੀ ਵਾਲੀ ‘ਚਾਈਲਡ ਕੇਅਰ’ ਦਿੱਤੀ ਜਾਵੇਗੀ। ਇਹ ਨੀਤੀ 1 ਜਨਵਰੀ, 2026 ਤੋਂ ਲਾਗੂ ਹੋਵੇਗੀ, ਅਤੇ ਜੇਕਰ ਲੇਬਰ ਅਗਲੇ ਸਾਲ ਦੀਆਂ ਚੋਣਾਂ ਵਿੱਚ ਇੱਕ ਹੋਰ ਕਾਰਜਕਾਲ ਜਿੱਤਦੀ ਹੈ।

ਚੋਣਾਂ ਤੋਂ ਪਹਿਲਾਂ ਆਪਣੇ ਭਾਸ਼ਣ ’ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਚਾਈਲਡ ਕੇਅਰ’ ਸਬਸਿਡੀ ਪ੍ਰਾਪਤ ਕਰਨ ਦੇ ਯੋਗ ਹੋਣ ਲਈ ਮਾਪਿਆਂ ਨੂੰ ਹੁਣ ਕੰਮ ਕਰਨ ਜਾਂ ਪੜ੍ਹਾਈ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਇਸ ਤੋਂ ਇਲਾਵਾ, ਅਲਬਾਨੀਜ਼ ਨੇ ਸ਼ੁਰੂਆਤੀ ਸਿੱਖਿਆ ਕੇਂਦਰਾਂ ਦੇ ਨਿਰਮਾਣ ਅਤੇ ਵਿਸਥਾਰ ਲਈ 1 ਬਿਲੀਅਨ ਦੇ ਫੰਡ ਦਾ ਐਲਾਨ ਕੀਤਾ, ਜਿਸ ਵਿੱਚ 160 ਤੋਂ ਵੱਧ ਕੇਂਦਰਾਂ ਦੀ ਉਸਾਰੀ ਜਾਂ ਵਿਸਥਾਰ ਕਰਨ ਦੀ ਯੋਜਨਾ ਹੈ।

ਇਹ ਨੀਤੀ, ਜਿਸ ’ਤੇ ਪੰਜ ਸਾਲਾਂ ਵਿੱਚ 427 ਮਿਲੀਅਨ ਡਾਲਰ ਦੀ ਲਾਗਤ ਆਉਣ ਦੀ ਉਮੀਦ ਹੈ, ਦਾ ਉਦੇਸ਼ ਘੱਟ ਆਮਦਨ ਵਾਲੇ ਪਰਿਵਾਰਾਂ ਦੀ ਮਦਦ ਕਰਨਾ ਹੈ ਜੋ ‘ਐਕਟੀਵਿਟੀ ਟੈਸਟ’ ਕਾਰਨ ਸਸਤੀ ‘ਚਾਈਲਡ ਕੇਅਰ’ ਤੋਂ ਵਾਂਝੇ ਰਹਿ ਜਾਂਦੇ ਹਨ।