ਮੈਲਬਰਨ : ਆਸਟ੍ਰੇਲੀਆ ਦੇ ਰਿਜ਼ਰਵ ਬੈਂਕ ਨੇ ਮਹਿੰਗਾਈ ਦੇ ਬਹੁਤ ਜ਼ਿਆਦਾ ਰਹਿਣ ਦਾ ਹਵਾਲਾ ਦਿੰਦੇ ਹੋਏ ਆਪਣੀ ਲਗਾਤਾਰ ਨੌਵੀਂ ਬੈਠਕ ’ਚ ਵਿਆਜ ਰੇਟ ’ਚ ਕੋਈ ਤਬਦੀਲੀ ਨਹੀਂ ਕੀਤੀ ਹੈ। RBA ਨੇ ਦਸੰਬਰ ਮਹੀਨੇ ਲਈ ਆਪਣੀ ਦੋ ਦਿਨ ਦੀ ਬੈਠਕ ਤੋਂ ਬਾਅਦ ਕੈਸ਼ ਰੇਟ ਦਾ ਟੀਚਾ 4.35 ਫੀਸਦੀ ਰੱਖਿਆ ਹੈ, ਜੋ ਨਵੰਬਰ 2023 ਤੋਂ ਇਸੇ ਪੱਧਰ ’ਤੇ ਬਰਕਰਾਰ ਹੈ।
ਕੈਸ਼ ਰੇਟ ’ਚ ਕੋਈ ਬਦਲਾਅ ਨਾ ਕਰਨ ਦਾ ਫੈਸਲਾ ਇਸ ਦੇ ਬਾਵਜੂਦ ਕੀਤਾ ਗਿਆ ਕਿ ਆਸਟ੍ਰੇਲੀਆ ਦੀ ਅਰਥਵਿਵਸਥਾ ਨੇ ਸਤੰਬਰ ਤਿਮਾਹੀ ’ਚ, ਮਹਾਮਾਰੀ ਦੇ ਸਮੇਂ ਤੋਂ ਇਲਾਵਾ, ਕਈ ਦਹਾਕਿਆਂ ’ਚ ਸਭ ਤੋਂ ਕਮਜ਼ੋਰ ਸਾਲਾਨਾ ਵਿਕਾਸ ਦਰ ਦਰਜ ਕੀਤੀ ਹੈ ਅਤੇ ਮਹਿੰਗਾਈ ਤਿੰਨ ਸਾਲ ਦੇ ਹੇਠਲੇ ਪੱਧਰ ’ਤੇ ਪਹੁੰਚ ਗਈ। ਬੈਠਕ ਤੋਂ ਬਾਅਦ RBA ਬੋਰਡ ਨੇ ਕਿਹਾ ਕਿ ਭਾਵੇਂ ਮਹਿੰਗਾਈ ਆਪਣੇ 2022 ਦੇ ਸਿਖਰ ਤੋਂ ਘੱਟ ਹੋਈ ਹੈ ਪਰ ਉਹ ਹੋਰ ਢਿੱਲ ਦੇਖਣਾ ਚਾਹੁੰਦਾ ਹੈ।
ਬਿਆਨ ’ਚ ਕਿਹਾ ਗਿਆ ਹੈ, ‘‘ਭਾਵੇਂ ਮੁੱਖ ਮਹਿੰਗਾਈ ਰੇਟ ’ਚ ਕਾਫੀ ਗਿਰਾਵਟ ਆਈ ਹੈ ਅਤੇ ਇਹ ਕੁਝ ਸਮੇਂ ਲਈ ਘੱਟ ਰਹੇਗੀ ਪਰ ਮੂਲ ਮਹਿੰਗਾਈ ਰੇਟ ਅਜੇ ਵੀ ਬਹੁਤ ਜ਼ਿਆਦਾ ਹੈ। ਇਹੀ ਮਹਿੰਗਾਈ ਦੀ ਰਫ਼ਤਾਰ ਦਾ ਮੁੱਖ ਸੰਕੇਤ ਹੈ।’’ RBA ਦੀ ਅਗਲੀ ਬੈਠਕ ਫ਼ਰਵਰੀ ’ਚ ਹੋਵੇਗੀ।