‘ਆਸਟ੍ਰੇਲੀਆ ਦੇ ਲੋਕ ਕੰਮ ਨਹੀਂ ਕਰਨਾ ਚਾਹੁੰਦੇ’ : ਪ੍ਰਮੁੱਖ ਰੈਸਟੋਰੈਂਟ ਮਾਲਕਾਂ ਨੇ ਮਾਈਗ੍ਰੇਸ਼ਨ ’ਚ ਕਟੌਤੀ ਕਰਨ ਦੀਆਂ ਕੋਸ਼ਿਸ਼ਾਂ ਦੀ ਨਿੰਦਾ ਕੀਤੀ

ਮੈਲਬਰਨ : ਸਿਡਨੀ ਦੇ ਚੋਟੀ ਦੇ ਰੈਸਟੋਰੈਂਟ ਮਾਲਕਾਂ ਦਾ ਕਹਿਣਾ ਹੈ ਕਿ ਆਸਟ੍ਰੇਲੀਆਈ ਲੋਕ ਹੋਸਪੀਟੈਲਿਟੀ ਖੇਤਰ ਦੀਆਂ ਨੌਕਰੀਆਂ ਤੋਂ ਭੱਜ ਰਹੇ ਹਨ। ਅਜਿਹੀਆਂ ਬਹੁਤੀਆਂ ਨੌਕਰੀਆਂ ਵਾਲੇ ਮਾਈਗਰੈਂਟਸ ਦੀ ਗਿਣਤੀ ਘਟਾਉਣ ਅਤੇ ਵਿਦੇਸ਼ੀ ਸਟੂਡੈਂਟਸ ਨੂੰ ਰੋਕਣ ਲਈ ਫ਼ੈਡਰਲ ਸਰਕਾਰ ਦੀਆਂ ਕੋਸ਼ਿਸ਼ਾਂ ਰੈਸਟੋਰੈਂਟਾਂ ਦੀਆਂ ਮੁਸ਼ਕਲਾਂ ਨੂੰ ਹੋਰ ਵਧਾ ਰਹੀਆਂ ਹਨ। ਬਿਜ਼ਨਸ NSW ਦੀ ਇੱਕ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ 80٪ ਕਾਰੋਬਾਰਾਂ ਨੂੰ ਹੁਨਰਮੰਦ ਕਾਮਿਆਂ ਦੀ ਲੜਾਈ ਵਿੱਚ ਮੁਕਾਬਲੇਬਾਜ਼ ਬਣੇ ਰਹਿਣ ਲਈ ਤਨਖਾਹ ਵਧਾਉਣ ਜਾਂ ਬਿਹਤਰ ਹਾਲਾਤ ਦੀ ਪੇਸ਼ਕਸ਼ ਕਰਨ ਵਰਗੇ ਤਰੀਕਿਆਂ ਦੀ ਵਰਤੋਂ ਕਰਨੀ ਪਈ ਹੈ।

ਸਿਡਨੀ ਤੋਂ ਛਪਦੇ ਇਕ ਅਖ਼ਬਾਰ ਦੀ ਰਿਪੋਰਟ ਅਨੁਸਾਰ Rose Bay ਵਿਚ ਇੱਕ ਰੈਸਟੋਰੈਂਟ ‘ਕੈਟਲੀਨਾ’ ਦੀ ਮਾਲਕ Judy McMahon ਨੇ ਕਿਹਾ ਕਿ ਉਸ ਦੇ ਅੱਧੇ ਤੋਂ ਵੱਧ ਵਰਕਰ ਵੀਜ਼ਾ ’ਤੇ ਸਨ ਕਿਉਂਕਿ, ‘‘ਮੈਨੂੰ ਕੰਮ ਕਰਨ ਲਈ ਆਸਟ੍ਰੇਲੀਆਈ ਨਹੀਂ ਮਿਲਦੇ। ਸਾਡੇ ਕੋਲ ਕੰਮ ਕਰਨ ਵਾਲਿਆਂ ਦੀ ਬਹੁਤ ਕਮੀ ਹੈ। ਜਦੋਂ ਅਸੀਂ ਸ਼ੈੱਫ ਦੀ ਨੌਕਰੀ ਲਈ ਇਸ਼ਤਿਹਾਰ ਦਿੰਦੇ ਹਾਂ, ਕੋਈ ਆਸਟ੍ਰੇਲੀਆਈ ਅਪਲਾਈ ਨਹੀਂ ਕਰਦਾ। ਮੈਂ ਚਾਹੁੰਦੀ ਹਾਂ ਕਿ ਨੌਕਰੀ ਲਈ ਪਹਿਲ ਆਸਟ੍ਰੇਲੀਆਈ ਲੋਕਾਂ ਨੂੰ ਮਿਲੇ, ਪਰ ਇੱਥੇ ਏਨੇ ਲੋਕ ਨਹੀਂ ਹਨ ਜੋ ਕੰਮ ਕਰਨਾ ਚਾਹੁੰਦੇ ਨੇ।’’ ਉਨ੍ਹਾਂ ਕਿਹਾ, ‘‘ਇਹ ਵਿਚਾਰ ਕਿ ਅਸੀਂ ਪੈਸੇ ਬਚਾਉਣ ਲਈ ਵਿਦੇਸ਼ੀ ਵਰਕਰਾਂ ਨੂੰ ਭਰਤੀ ਕਰਦੇ ਹਾਂ, ਗ਼ਲਤ ਹੈ।’’

ਬਿਜ਼ਨਸ NSW ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ 77 ਇੰਪਲੋਇਅਰਸ ਨੂੰ ਸਕਿੱਲਡ ਵਰਕਰਾਂ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਭਾਵੇਂ 2022 ਤੋਂ ਘੱਟ ਹੈ ਪਰ 2019 ਦੇ 51 ਫ਼ੀ ਸਦੀ ਤੋਂ ਅਜੇ ਵੀ ਵੱਧ ਹੈ। ਜ਼ਿਕਰਯੋਗ ਹੈ ਕਿ ਲੇਬਰ ਪਾਰਟੀ ਨੇ 2025 ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਸੀਮਤ ਕਰਨ ਦੀ ਯੋਜਨਾ ਬਣਾਈ ਸੀ ਪਰ ਗ੍ਰੀਨਜ਼ ਅਤੇ ਕੋਅਲੀਸ਼ਨ ਦੇ ਇਸ ਨੂੰ ਰੋਕਣ ਲਈ ਹੱਥ ਮਿਲਾਉਣ ਤੋਂ ਬਾਅਦ ਕਾਨੂੰਨ ਪਾਸ ਨਹੀਂ ਹੋ ਸਕਿਆ। ਪਰ ਪਿਛਲੇ ਸਾਲ ਤੋਂ ਦੇਸ਼ ਵਿੱਚ ਦਾਖਲ ਹੋਣ ਵਾਲੇ ਵਿਦਿਆਰਥੀਆਂ ਦੀ ਰਫ਼ਤਾਰ ਨੂੰ ਹੌਲੀ ਕਰਨ ਲਈ ਤਿਆਰ ਕੀਤੀਆਂ ਗਈਆਂ ਸਰਕਾਰੀ ਨੀਤੀਆਂ ਨੇ ਪਹਿਲਾਂ ਹੀ ਜਾਰੀ ਕੀਤੇ ਜਾ ਰਹੇ ਵੀਜ਼ਿਆਂ ਦੀ ਗਿਣਤੀ ਨੂੰ ਘਟਾ ਦਿੱਤਾ ਹੈ।