ਮੈਲਬਰਨ ’ਚ ਯਹੂਦੀ ਧਾਰਮਕ ਅਸਥਾਨ ’ਤੇ ਅੱਗਜ਼ਨੀ, ਪ੍ਰਧਾਨ ਮੰਤਰੀ Albanese ਨੇ ਹਮਲੇ ਦੀ ਕੀਤੀ ਭਰਵੀਂ ਨਿੰਦਾ

ਮੈਲਬਰਨ : ਮੈਲਬਰਨ ਸਥਿਤ ਯਹੂਦੀ ਲੋਕਾਂ ਦੇ ਪ੍ਰਾਰਥਨਾ ਕਰਨ ਦੇ ਅਸਥਾਨ ਸਿਨਾਗੋਗ ’ਤੇ ਨਿਸ਼ਾਨਾ ਬਣਾ ਕੇ ਅੱਗਜ਼ਨੀ ਕੀਤੀ ਗਈ, ਜਿਸ ਨਾਲ ਇਮਾਰਤ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਅਤੇ ਯਹੂਦੀ ਭਾਈਚਾਰਾ ਸਦਮੇ ’ਚ ਹੈ। ਜਿਸ ਵੇਲੇ ਹਮਲਾ ਕੀਤਾ ਗਿਆ, ਕਈ ਯਹੂਦੀ ਲੋਕ ਸਿਨਾਗੋਗ ਦੇ ਅੰਦਰ ਸਨ। ਪੁਲਿਸ ਦੋ ਨਕਾਬਪੋਸ਼ ਸ਼ੱਕੀਆਂ ਦੀ ਭਾਲ ਕਰ ਰਹੀ ਹੈ, ਜਿਨ੍ਹਾਂ ਨੂੰ Adass Israel synagogue ਦੇ ਆਲੇ-ਦੁਆਲੇ ਅੱਗ ਦੀਆਂ ਲਪਟਾਂ ਨੂੰ ਤੇਜ਼ ਕਰਨ ਲਈ ਤੇਲ ਪਾਉਂਦਿਆਂ ਦੇਖਿਆ ਗਿਆ ਸੀ। ਇਕ ਵਿਅਕਤੀ ਨੂੰ ਮਾਮੂਲੀ ਸੱਟ ਲੱਗੀ ਹੈ ਅਤੇ ਜਾਸੂਸ ਦੋਸ਼ੀਆਂ ਦੀ ਪਛਾਣ ਕਰਨ ਲਈ CCTV ਫੁਟੇਜ ਦੀ ਸਮੀਖਿਆ ਕਰ ਰਹੇ ਹਨ।

ਪ੍ਰਧਾਨ ਮੰਤਰੀ Anthony Albanese ਨੇ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਆਸਟ੍ਰੇਲੀਆ ਵਿਚ ਯਹੂਦੀ ਵਿਰੋਧੀ ਭਾਵਨਾ ਲਈ ਕੋਈ ਜਗ੍ਹਾ ਨਹੀਂ ਹੈ। ਯਹੂਦੀ ਕੌਂਸਲ ਆਸਟ੍ਰੇਲੀਆ ਨੇ ਇਸ ਕਾਰਵਾਈ ਨੂੰ ‘ਘਿਨਾਉਣੀ ਹਿੰਸਾ’ ਅਤੇ ਯਹੂਦੀ ਭਾਈਚਾਰਿਆਂ ’ਤੇ ਹਮਲਾ ਦੱਸਿਆ ਹੈ। ਪੁਲਿਸ ਜਾਣਕਾਰੀ ਜਾਂ ਫੁਟੇਜ ਵਾਲੇ ਕਿਸੇ ਵੀ ਵਿਅਕਤੀ ਨੂੰ ਅੱਗੇ ਆਉਣ ਦੀ ਅਪੀਲ ਕਰ ਰਹੀ ਹੈ ਅਤੇ ਭਾਈਚਾਰੇ ਨੂੰ ਭਰੋਸਾ ਦਿੱਤਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਸੁਰੱਖਿਅਤ ਰੱਖਣ ਲਈ ਗਸ਼ਤ ਵਧਾ ਦਿੱਤੀ ਜਾਵੇਗੀ।