‘ਬੱਚਿਆਂ ਨੂੰ ਸੰਭਾਲ ਕੇ ਰੱਖੋ, ਕਿਤੇ ਕੱਟੜਵਾਦੀ ਨਾ ਬਣ ਜਾਣ’, ਫਾਈਵ ਆਈਜ਼ ਨੈੱਟਵਰਕ ਨੇ ਦੁਨੀਆ ਭਰ ਦੇ ਮਾਪਿਆਂ ਨੂੰ ਜਾਰੀ ਕੀਤੀ ਚੇਤਾਵਨੀ

ਮੈਲਬਰਨ : ਆਸਟ੍ਰੇਲੀਆ ਅਤੇ ਅਮਰੀਕਾ, ਕੈਨੇਡਾ, ਬ੍ਰਿਟੇਨ ਅਤੇ ਨਿਊਜ਼ੀਲੈਂਡ ਸਮੇਤ ਇਸ ਦੇ ਅੰਤਰਰਾਸ਼ਟਰੀ ‘ਫਾਈਵ ਆਈਜ਼ ਇੰਟੈਲੀਜੈਂਸ ਸ਼ੇਅਰਿੰਗ ਨੈੱਟਵਰਕ’ ਨੇ ਨੌਜਵਾਨਾਂ ਨੂੰ ਕੱਟੜਵਾਦੀ ਬਣਾਏ ਜਾਣ ਵਿਚ ਚਿੰਤਾਜਨਕ ਵਾਧੇ ਨੂੰ ਲੈ ਕੇ ਸਾਂਝੀ ਚੇਤਾਵਨੀ ਜਾਰੀ ਕੀਤੀ ਹੈ। ਪਹਿਲੀ ਵਾਰੀ ਜਾਰੀ ਕੀਤੀ ਗਈ ਇਸ ਚੇਤਾਵਨੀ ’ਚ ਮਾਪਿਆਂ, ਅਧਿਆਪਕਾਂ, ਸਿਹਤ ਸੰਭਾਲ ਪੇਸ਼ੇਵਰਾਂ ਅਤੇ ਫਰੰਟਲਾਈਨ ਵਰਕਰਾਂ ਨੂੰ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ ਹੈ, ਤਾਂ ਜੋ ਕੱਟੜਵਾਦ ਦੇ ਸ਼ੁਰੂਆਤੀ ਚਿੰਨ੍ਹਾਂ ਦੀ ਪਛਾਣ ਕਰਨ ਵਿੱਚ ਮਦਦ ਕੀਤੀ ਜਾ ਸਕੇ, ਖਾਸ ਕਰਕੇ ਆਨਲਾਈਨ।

ਆਸਟ੍ਰੇਲੀਅਨ ਸਕਿਓਰਿਟੀ ਇੰਟੈਲੀਜੈਂਸ ਆਰਗੇਨਾਈਜ਼ੇਸ਼ਨ (ASIO) ਦੇ ਡਾਇਰੈਕਟਰ ਜਨਰਲ Mike Burgess ਨੇ ਚਿੰਤਾ ਜ਼ਾਹਰ ਕੀਤੀ ਕਿ ਏਜੰਸੀ ਦੇ ਤਰਜੀਹੀ ਅੱਤਵਾਦ ਵਿਰੋਧੀ ਮਾਮਲਿਆਂ ਵਿਚ ਲਗਭਗ 20 ਫੀਸਦੀ ਨੌਜਵਾਨ ਸ਼ਾਮਲ ਹਨ। ਫਾਈਵ ਆਈਜ਼ ਦੇੇਸ਼ਾਂ ਨੇ ਇਸ ਮੁੱਦੇ ਨੂੰ ਹੱਲ ਕਰਨ ਲਈ ‘ਸਮੁੱਚੇ ਸਮਾਜ ਦੀ ਪ੍ਰਤੀਕਿਰਿਆ’ ਦਾ ਸੁਝਾਅ ਦਿੱਤਾ ਹੈ, ਅਤੇ ਕੱਟੜਵਾਦ ਨੂੰ ਰੋਕਣ ਅਤੇ ਸਿੱਖਿਆ ਤੇ ਜਾਗਰੂਕਤਾ ਨੂੰ ਉਤਸ਼ਾਹਤ ਕਰਨ ਲਈ ਸਮੂਹਿਕ ਯਤਨਾਂ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਜ਼ਿਕਰਯੋਗ ਹੈ ਕਿ ਅਪ੍ਰੈਲ ਦੌਰਾਨ ਸਿਡਨੀ ਵਿਚ ਇਕ ਚਰਚ ਸਰਵਿਸ ਦੌਰਾਨ ਇਕ ਬਿਸ਼ਪ ਨੂੰ ਚਾਕੂ ਮਾਰਨ ਦੇ ਦੋਸ਼ ਵਿਚ ਇਕ 16 ਸਾਲ ਦੇ ਮੁੰਡੇ ਤੇ ਅੱਤਵਾਦੀ ਅਪਰਾਧ ਦਾ ਦੋਸ਼ ਲਗਾਇਆ ਗਿਆ ਸੀ