ਮੈਲਬਰਨ : ਆਸਟ੍ਰੇਲੀਆ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਸਰਕਾਰ ਨਵੇਂ ਵੀਜ਼ਾ ਸੁਧਾਰ ਲਾਗੂ ਕਰਨ ਜਾ ਰਹੀ ਹੈ। ਇਨ੍ਹਾਂ ਸੁਧਾਰਾਂ ਅਧੀਨ ਸੈਂਕੜੇ ਨਵੇਂ ਕਿੱਤਿਆਂ ਵਿੱਚ ਸਕਿੱਲਡ ਮਾਈਗਰੈਂਟਸ ਨੂੰ ਵੀਜ਼ਾ ਦੇਣ ’ਚ ਤੇਜ਼ੀ ਲਿਆਂਦੀ ਜਾਵੇਗੀ। ਸੁਧਾਰਾਂ ਦੇ ਹਿੱਸੇ ਵੱਜੋਂ ਆਸਟ੍ਰੇਲੀਆ ਦੀ ਫ਼ੈਡਰਲ ਸਰਕਾਰ ਨੇ ਅੱਜ ਆਪਣੀ ਕੋਰ ਸਕਿੱਲਜ਼ ਆਕੂਪੇਸ਼ਨ ਲਿਸਟ (CSOL) ਦਾ ਐਲਾਨ ਕਰ ਦਿੱਤਾ ਹੈ। ਇਸ ਨਾਲ ਵਿਸ਼ੇਸ਼ ਤੌਰ ’ਤੇ ਨਿਰਮਾਣ ਉਦਯੋਗ ਨੂੰ ਪ੍ਰਭਾਵਤ ਕਰਨ ਵਾਲੇ ਸਕਿੱਲਡ ਲੇਬਰ ਦੀ ਵੱਡੀ ਕਮੀ ਵਿੱਚ ਸੁਧਾਰ ਹੋਵੇਗਾ। ਵੀਜ਼ਾ ਸੁਧਾਰ 7 ਦਸੰਬਰ ਤੋਂ ਲਾਗੂ ਹੋਣ ਜਾ ਰਹੇ ਹਨ।
ਵੀਜ਼ਾ ਲਈ ਯੋਗ ਨੌਕਰੀਆਂ ਵਿੱਚ ਯੋਗਾ ਇੰਸਟ੍ਰਕਟਰ, ਫਲਾਈਟ ਅਟੈਂਡੈਂਟ, ਜਰਨਲਿਸਟ, ਬਿਊਟੀ ਥੈਰੇਪਿਸਟ ਅਤੇ ਬੱਕਰੀ ਪਾਲਣ ਵਾਲੇ ਸ਼ਾਮਲ ਹਨ। ਪ੍ਰੋਜੈਕਟ ਮੈਨੇਜਰ, ਬਿਲਡਿੰਗ ਇੰਸਪੈਕਟਰ, ਮਿਸਤਰੀ ਅਤੇ ਕਾਰਪੇਂਟਰ ਉਨ੍ਹਾਂ ਕੰਮਾਂ ਵਿਚ ਸ਼ਾਮਲ ਹਨ ਜੋ ਸੰਕਟ ਵਿਚ ਘਿਰੇ ਨਿਰਮਾਣ ਉਦਯੋਗ ਦੀ ਮਦਦ ਲਈ ਸੂਚੀਬੱਧ ਹਨ।
ਗ੍ਰਹਿ ਮਾਮਲਿਆਂ ਦੇ ਮੰਤਰੀ ਅਤੇ ਇਮੀਗ੍ਰੇਸ਼ਨ ਤੇ ਬਹੁ-ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਟੋਨੀ ਬਰਕ ਨੇ ਕਿਹਾ, ‘‘ਇਹ ਯੋਗ ਵਰਕਰਾਂ ਨੂੰ ਆਕਰਸ਼ਿਤ ਕਰਨ ਲਈ ਇੱਕ ਮਹੱਤਵਪੂਰਨ ਕਦਮ ਹੈ ਤਾਂ ਜੋ ਵਧੇਰੇ ਘਰ ਬਣਾਉਣ ਵਿੱਚ ਮਦਦ ਕੀਤੀ ਜਾ ਸਕੇ।’’ ਫ਼ੈਡਰਲ ਸਰਕਾਰ ਨੇ CSOL ਦੇ ਤਹਿਤ ਕਵਰ ਕੀਤੇ ਗਏ 456 ਟਰੇਡਸ ਦੀ ਪੂਰੀ ਸੂਚੀ ਪ੍ਰਕਾਸ਼ਤ ਕੀਤੀ ਹੈ। ਪੂਰੀ ਸੂਚੀ ਸਕਿੱਲਜ਼ ਇਨ ਡਿਮਾਂਡ ਵੀਜ਼ਾ ਵਿੱਚ ਸ਼ਾਮਲ ਕੀਤੀ ਜਾਵੇਗੀ, ਜੋ ਪ੍ਰਵਾਸੀ ਕਾਮਿਆਂ ਨੂੰ ਆਸਟ੍ਰੇਲੀਆ ਵਿੱਚ ਮਜ਼ਦੂਰਾਂ ਦੀ ਘਾਟ ਨੂੰ ਦੂਰ ਕਰਨ ਲਈ ਸਪਸ਼ਟ ਰਸਤੇ ਪ੍ਰਦਾਨ ਕਰਦਾ ਹੈ।
ਪੂਰੀ ਸੂਚੀ ਵੇਖਣ ਲਈ ਇਸ ਲਿੰਕ ’ਤੇ ਕਲਿੱਕ ਕਰੋ? CSOL List