ਆਸਟ੍ਰੇਲੀਆ ’ਚ ਹੁਣ ਤਕ ਦੀ ਸਭ ਤੋਂ ਵੱਡੀ ਕੋਕੀਨ ਦੀ ਖੇਪ ਜ਼ਬਤ, 2 ਨਾਬਾਲਗਾਂ ਸਮੇਤ 13 ਜਣੇ ਗ੍ਰਿਫ਼ਤਾਰ

ਮੈਲਬਰਨ : ਆਸਟ੍ਰੇਲੀਆ ਦੇ ਅਧਿਕਾਰੀਆਂ ਨੇ ਦੇਸ਼ ਦੇ ਇਤਿਹਾਸ ਵਿਚ ਹੁਣ ਤੱਕ ਦੀ ਸਭ ਤੋਂ ਵੱਡੀ ਕੋਕੀਨ ਦੀ ਖੇਪ ਜ਼ਬਤ ਕੀਤੀ ਹੈ। ਜ਼ਬਤ ਕੀਤੀ ਗਈ 2.34 ਟਨ ਕੋਕੀਨ ਦੀ ਅੰਦਾਜ਼ਨ ਕੀਮਤ 760 ਮਿਲੀਅਨ ਡਾਲਰ ਹੈ। ਕੋਕੀਨ ਕੁਈਨਜ਼ਲੈਂਡ ਦੇ ਤੱਟ ’ਤੇ ਇਕ ਸਮੁੰਦਰੀ ਜਹਾਜ਼ ’ਚੋਂ ਮਿਲੀ ਸੀ ਅਤੇ ਦੋ ਨਾਬਾਲਗਾਂ ਸਮੇਤ 13 ਜਣਿਆਂ ’ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੀ ਸਾਜਿਸ਼ ਰਚਣ ਦਾ ਦੋਸ਼ ਲਗਾਇਆ ਗਿਆ ਹੈ।

ਇਹ ਗ੍ਰਿਫਤਾਰੀਆਂ ਆਸਟ੍ਰੇਲੀਆਈ ਫੈਡਰਲ ਪੁਲਿਸ, ਕੁਈਨਜ਼ਲੈਂਡ ਪੁਲਿਸ ਅਤੇ ਆਸਟ੍ਰੇਲੀਆਈ ਬਾਰਡਰ ਫੋਰਸ ਦੇ ਸਾਂਝੀ ਜਾਂਚ ਆਪਰੇਸ਼ਨ ਟਾਇਰੇਂਡਰ ਦੇ ਹਿੱਸੇ ਵਜੋਂ ਕੀਤੀਆਂ ਗਈਆਂ ਹਨ। ਇਹ ਕਾਰਵਾਈ ਨਵੰਬਰ ਵਿਚ ਇਕ ਖੁਫੀਆ ਸੂਚਨਾ ਤੋਂ ਬਾਅਦ ਸ਼ੁਰੂ ਹੋਈ ਸੀ ਕਿ Comanchero bikie gang ਦੇਸ਼ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੀ ਯੋਜਨਾ ਬਣਾ ਰਿਹਾ ਹੈ। 20 ਤੋਂ 57 ਸਾਲ ਦੀ ਉਮਰ ਦੇ ਇਨ੍ਹਾਂ ਵਿਅਕਤੀਆਂ ਨੂੰ ਬ੍ਰਿਸਬੇਨ ਦੀ ਅਦਾਲਤ ’ਚ ਪੇਸ਼ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਵੱਧ ਤੋਂ ਵੱਧ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ।