ਗਰਮੀ ਵਧਣ ਨਾਲ NSW ਅਤੇ ਕੁਈਨਜ਼ਲੈਂਡ ਦੇ ਕਈ ਇਲਾਕਿਆਂ ਲਈ ਬਿਜਲੀ ਗੁੱਲ ਹੋਣ ਦੀ ਚੇਤਾਵਨੀ ਜਾਰੀ

ਮੈਲਬਰਨ : ਕਈ ਦਿਨਾਂ ਤਕ ਚੱਲਣ ਵਾਲੀ ਗਰਮੀ ਦੀ ਲਹਿਰ ਦੀ ਚੇਤਾਵਨੀ ਵਿਚਕਾਰ ਸਿਡਨੀ ਵਿਚ ਤਾਪਮਾਨ 40 ਡਿਗਰੀ ਦੇ ਨੇੜੇ ਪਹੁੰਚਣ ਦੀ ਭਵਿੱਖਬਾਣੀ ਕੀਤੀ ਗਈ ਹੈ, ਜਦੋਂ ਕਿ ਕੁਈਨਜ਼ਲੈਂਡ ਦੇ ਕੁਝ ਹਿੱਸਿਆਂ ਵਿਚ ਤਾਪਮਾਨ 35 ਡਿਗਰੀ ਦੇ ਆਸਪਾਸ ਰਹਿਣ ਦੀ ਉਮੀਦ ਹੈ।

ਇਸ ਦੇ ਨਾਲ ਹੀ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ AC ਚਾਲੂ ਹੋਣ ਦੇ ਨਾਲ ਮੰਗਲਵਾਰ ਅਤੇ ਬੁੱਧਵਾਰ ਨੂੰ ਦੋਵਾਂ ਸਟੇਟਾਂ ਵਿੱਚ ਬਿਜਲੀ ਸਪਲਾਈ ਬੰਦ ਹੋ ਸਕਦੀ ਹੈ। ਹਾਲਾਂਕਿ ਹਫਤੇ ਦੇ ਅਖੀਰ ਵਿੱਚ ਤਾਪਮਾਨ ਘਟੇਗਾ ਪਰ ਇਸ ਦੇ 30 ਡਿਗਰੀ ਦੇ ਆਸਪਾਸ ਰਹਿਣ ਦੀ ਉਮੀਦ ਹੈ। ਮੌਸਮ ਵਿਗਿਆਨ ਬਿਊਰੋ ਨੇ ਵੀ ਹਫ਼ਤੇ ਦੇ ਅਖੀਰ ਵਿੱਚ ਸ਼ਹਿਰ ਵਿੱਚ ਹਲਕੀ ਬਾਰਸ਼ ਹੋਣ ਦੀ ਉੱਚ ਸੰਭਾਵਨਾ ਦੀ ਭਵਿੱਖਬਾਣੀ ਕੀਤੀ ਹੈ।

ਮੌਸਮ ਵਿਭਾਗ ਨੇ ਆਪਣੀ ਚੇਤਾਵਨੀ ਵਿਚ ਕਿਹਾ ਕਿ ਗੰਭੀਰ ਗਰਮੀ ਬਹੁਤ ਸਾਰੇ ਲੋਕਾਂ, ਖਾਸ ਤੌਰ ’ਤੇ ਬਜ਼ੁਰਗਾਂ, ਬੱਚਿਆਂ, ਗਰਭਵਤੀ ਅਤੇ ਦੁੱਧ ਚੁੰਘਾਉਣ ਵਾਲੀਆਂ ਔਰਤਾਂ, ਡਾਕਟਰੀ ਬਿਮਾਰੀਆਂ ਵਾਲੇ ਲੋਕਾਂ ਅਤੇ ਬਿਮਾਰ ਲੋਕਾਂ ਲਈ ਖਤਰਨਾਕ ਹੋ ਸਕਦੀ ਹੈ। ਵਿਭਾਗ ਨੇ ਲੋਕਾਂ ਨੂੰ ਠੰਢੀਆਂ ਥਾਵਾਂ ’ਤੇ ਰਹਿਣ ਦੀ ਅਪੀਲ ਕੀਤੀ ਹੈ।