ਮੈਲਬਰਨ : ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲਾਓ ਪੀ.ਡੀ.ਆਰ. ਦੇ ਵਿਏਨਤਿਆਨੇ ’ਚ ਆਸੀਆਨ ਰੱਖਿਆ ਮੰਤਰੀਆਂ ਦੀ 11ਵੀਂ ਬੈਠਕ (ਏ.ਡੀ.ਐੱਮ.ਐੱਮ.) ਪਲੱਸ ਤੋਂ ਇਲਾਵਾ ਆਸਟ੍ਰੇਲੀਆ ਦੇ ਰੱਖਿਆ ਮੰਤਰੀ Pat Conroy ਨਾਲ ਮੁਲਾਕਾਤ ਕੀਤੀ।
ਚਰਚਾ ਦੌਰਾਨ ਦੋਹਾਂ ਨੇ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਹੋਏ ਇੱਕ ਸਮਝੌਤੇ ਬਾਰੇ ਵੀ ਐਲਾਨ ਕੀਤਾ। ਆਸਟ੍ਰੇਲੀਆ ਰੱਖਿਆ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਆਸਟ੍ਰੇਲੀਆ ਅਤੇ ਭਾਰਤ ਨੇ ਰਾਇਲ ਆਸਟ੍ਰੇਲੀਆ ਏਅਰ ਫ਼ੋਰਸ (RAAF) ਅਤੇ ਭਾਰਤੀ ਹਥਿਆਰਬੰਦ ਫ਼ੋਰਸ ਨੂੰ ਹਵਾ ਤੋਂ ਹਵਾ ’ਚ ਫ਼ਿਊਲ ਭਰਨ ’ਚ ਸਮਰੱਥ ਬਣਾਉਣ ਲਈ ਇੱਕ ਵਿਵਸਥਾ ’ਤੇ ਹਸਤਾਖ਼ਰ ਕੀਤੇ ਹਨ। ਇਹ ਸਮਝੌਤਾ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਰੱਖਿਆ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਦਾ ਹੈ।
ਵੀਰਵਾਰ ਨੂੰ ਸੋਸ਼ਲ ਮੀਡੀਆ ‘ਐਕਸ’ ’ਤੇ ਇਕ ਪੋਸਟ ਵਿਚ ਰਾਜਨਾਥ ਸਿੰਘ ਨੇ ਕਿਹਾ, ‘‘ADMM ਪਲੱਸ ਦੌਰਾਨ ਆਸਟ੍ਰੇਲੀਆ ਦੇ ਰੱਖਿਆ ਮੰਤਰੀ Pat Conroy ਨਾਲ ਮੁਲਾਕਾਤ ਕਰ ਕੇ ਖੁਸ਼ ਹਾਂ। ਸਾਡੀ ਰੱਖਿਆ ਭਾਈਵਾਲੀ ਨੇ ਹਾਲ ਹੀ ਦੇ ਸਾਲਾਂ ਵਿੱਚ ਮਹੱਤਵਪੂਰਨ ਮੀਲ ਪੱਥਰ ਹਾਸਲ ਕੀਤੇ ਹਨ। ਅਸੀਂ ਆਪਣੇ ਰੱਖਿਆ ਸਬੰਧਾਂ ਨੂੰ ਉੱਚ ਪੱਧਰ ’ਤੇ ਲਿਜਾਣ ਲਈ ਉਤਸੁਕ ਹਾਂ।’’