ਮੈਲਬਰਨ : ਭਾਰਤ ਦੇ ਅਡਾਨੀ ਸਮੂਹ ਦੇ ਅਰਬਪਤੀ ਚੇਅਰਮੈਨ ਅਤੇ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਵਿਚੋਂ ਇਕ ਗੌਤਮ ਅਡਾਨੀ ਨੂੰ ਅਰਬਾਂ ਡਾਲਰ ਦੀ ਰਿਸ਼ਵਤਖੋਰੀ ਅਤੇ ਧੋਖਾਧੜੀ ਯੋਜਨਾ ਵਿਚ ਉਨ੍ਹਾਂ ਦੀ ਭੂਮਿਕਾ ਲਈ ਨਿਊਯਾਰਕ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਅਡਾਨੀ ਅਤੇ ਉਨ੍ਹਾਂ ਦੇ ਭਤੀਜੇ ਸਾਗਰ ਅਡਾਨੀ ਸਮੇਤ ਸੱਤ ਹੋਰ ਦੋਸ਼ੀਆਂ ਨੇ ਭਾਰਤ ਸਰਕਾਰ ਦੇ ਅਧਿਕਾਰੀਆਂ ਨੂੰ 20 ਸਾਲਾਂ ‘ਚ 2 ਅਰਬ ਡਾਲਰ ਦਾ ਮੁਨਾਫਾ ਕਮਾਉਣ ਅਤੇ ਭਾਰਤ ਦੇ ਸਭ ਤੋਂ ਵੱਡੇ ਸੋਲਰ ਪਾਵਰ ਪਲਾਂਟ ਪ੍ਰਾਜੈਕਟ ਨੂੰ ਵਿਕਸਤ ਕਰਨ ਲਈ 26.5 ਕਰੋੜ ਡਾਲਰ ਦੀ ਰਿਸ਼ਵਤ ਦੇਣ ‘ਤੇ ਸਹਿਮਤੀ ਪ੍ਰਗਟਾਈ ਸੀ। ਅਦਾਲਤ ਦੇ ਰਿਕਾਰਡ ਅਨੁਸਾਰ ਜੱਜ ਨੇ ਗੌਤਮ ਅਡਾਨੀ ਅਤ ਸਾਗਰ ਅਡਾਨੀ ਵਿਰੁਧ ਗ੍ਰਿਫ਼ਤਾਰੀ ਦੇ ਹੁਕਮ ਜਾਰੀ ਕੀਤੇ ਹਨ। ਸਰਕਾਰੀ ਵਕੀਲਾਂ ਦੀ ਇਨ੍ਹਾਂ ਵਾਰੰਟਾਂ ਨੂੰ ਵਿਦੇਸ਼ੀ ਲਾਅ ਇਨਫ਼ੋਰਸਮੈਂਟ ਨੂੰ ਦੇਣ ਦੀ ਯੋਜਨਾ ਹੈ। ਬਰੁਕਲਿਨ ਵਿਚ ਅਮਰੀਕੀ ਅਟਾਰਨੀ ਬ੍ਰਿਓਨ ਪੀਸ ਦੇ ਇਕ ਬੁਲਾਰੇ ਨੇ ਕਿਹਾ ਕਿ ਕੋਈ ਵੀ ਦੋਸ਼ੀ ਹਿਰਾਸਤ ਵਿਚ ਨਹੀਂ ਹੈ। ਮੰਨਿਆ ਜਾਂਦਾ ਹੈ ਕਿ ਗੌਤਮ ਅਡਾਨੀ ਭਾਰਤ ਵਿੱਚ ਹਨ।