6ਵੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਲਈ ਮੈਦਾਨ ਤਿਆਰ, 30 ਨਵੰਬਰ ਤੇ 1 ਦਸੰਬਰ ਨੂੰ ਟਾਕਾਨਿਨੀ ’ਚ ਹੋਣਗੇ ਮੁਕਾਬਲੇ

ਮੈਲਬਰਨ : ਆਸਟ੍ਰੇਲੀਆ ਦੀ ਤਰਜ਼ ’ਤੇ ਨਿਊਜ਼ੀਲੈਂਡ ’ਚ ਹਰ ਸਾਲ ਕਰਵਾਈਆਂ ਜਾਣ ਵਾਲੀਆਂ ਸਿੱਖ ਖੇਡਾਂ ਛੇਵੇਂ ਸਾਲ ’ਚ ਦਾਖਲ ਹੋ ਗਈਆਂ ਹਨ। 6ਵੀਆਂ ਸਿੱਖ ਖੇਡਾਂ ਲਈ ਮੈਦਾਨ ਤਿਆਰ ਹੋ ਚੁੱਕਾ ਹੈ। ਜੋ 30 ਨਵੰਬਰ ਤੋਂ 1 ਦਸੰਬਰ ਨੂੰ ਆਕਲੈਂਡ ਦੇ ਬਰੂਸ ਪੁੱਲਮੈਨ ਪਾਰਕ (ਟਾਕਾਨਿਨੀ) ’ਚ ਹੋਣਗੀਆਂ। ਸਿੱਖ ਗੇਮਜ਼ ਕਰਾਉਣ ਵਾਲੀ ਕਮੇਟੀ ਦੇ ਪ੍ਰਧਾਨ ਦਲਜੀਤ ਸਿੰਘ ਸਿੱਧੂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਇਨ੍ਹਾਂ ਖੇਡਾਂ ’ਚ ਫ਼ੁੱਟਬਾਲ, ਕਬੱਡੀ, ਕ੍ਰਿਕੇਟ, ਬਾਸਕਿਟਬਾਲ, ਨੈੱਟਬਾਲ, ਹਾਕੀ, ਗੋਲਫ਼, ਵਾਲੀਬਾਲ, ਬੈਡਮਿੰਟਨ, ਖੋ-ਖੋ, ਟੈਨਿਸ, ਐਥਲੈਟਿਕਸ, ਸ਼ੂਟਿੰਗ, ਡੈੱਡਲਿਫ਼ਟ, ਬੈਂਚ ਪ੍ਰੈੱਸ, ਰੱਸਾਕਸ਼ੀ, ਗਤਕਾ, ਦਸਤਾਰਬੰਦੀ ਸ਼ਾਮਿਲ ਹੋਣਗੀਆਂ। ਇਸ ਦੌਰਾਨ ਇੱਕ ਵਿਸ਼ੇਸ਼ ਸਭਿਆਚਾਰਕ ਪ੍ਰੋਗਰਾਮ ਵੀ ਹੋਵੇਗਾ ਜਿਸ ’ਚ ਭੰਗੜਾ ਅਤੇ ਗਿੱਧਾ ਕਲਾਕਾਰ ਪੇਸ਼ਕਾਰੀ ਦੇਣਗੇ। ਇਹੀ ਨਹੀਂ ਆਰਟ ਗੈਲਰੀ ’ਚ ਕਲਾਕਾਰ ਆਪਣੇ ਚਿੱਤਰ ਦੀ ਨੁਮਾਇਸ਼ ਲਗਾਉਣਗੇ। ਖੇਡਾਂ ਦੌਰਾਨ ਲੰਗਰ ਅਤੁੱਟ ਵਰਤੇਗਾ। ਖੇਡਾਂ ਬਾਰੇ ਹੋਰ ਜਾਣਕਾਰੀ WWW.NZSIKHGAMES.ORG ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।