ਮੈਲਬਰਨ : ਵੈਸਟ ਵਿਕਟੋਰੀਆ ਦੇ ਜੰਗਲਾਂ ’ਚ ਲੱਗੀ ਅੱਗ ਕਾਰਨ ਐਮਰਜੈਂਸੀ ਚਿਤਾਵਨੀ ਜਾਰੀ ਕੀਤੀ ਗਈ ਹੈ ਅਤੇ ਲੋਕਾਂ ਨੂੰ ਤੁਰੰਤ ਘਰ ਖਾਲੀ ਕਰਨ ਲਈ ਕਿਹਾ ਗਿਆ ਹੈ। ਜੰਗਲਾਤ ਫਾਇਰ ਮੈਨੇਜਮੈਂਟ ਵਿਕਟੋਰੀਆ ਨੇ Chetwynd, Connewirricoo ਅਤੇ Kadnook ਲਈ ਚੇਤਾਵਨੀ ਜਾਰੀ ਕੀਤੀ ਹੈ ਕਿਉਂਕਿ Kadnook ਦੇ Casterton-Edenhope ਸੜਕ ਨੇੜੇ ਅੱਗ ਲੱਗੀ ਹੋਈ ਹੈ। ਅੱਗ ਸਾਊਥ ’ਚ Chetwynd ਵੱਲ ਵਧ ਰਹੀ ਹੈ।
ਇਲਾਕੇ ਦੇ ਵਸਨੀਕਾਂ ਨੂੰ ਹੁਣ ਆਪਣੇ ਪਾਲਤੂ ਜਾਨਵਰਾਂ, ਦਵਾਈਆਂ, ਮੋਬਾਈਲ ਫੋਨ ਅਤੇ ਚਾਰਜਰ ਲੈ ਕੇ ਘਰ ਖਾਲੀ ਕਰਨ ਦੀ ਸਲਾਹ ਦਿੱਤੀ ਗਈ ਹੈ। ਬਾਹਰ ਜਾਣ ਵਿੱਚ ਅਸਮਰੱਥ ਕਿਸੇ ਵੀ ਵਿਅਕਤੀ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਦੋ ਦਰਵਾਜ਼ਿਆਂ ਵਾਲੇ ਕਮਰੇ ਵਿੱਚ ਘਰ ਦੇ ਅੰਦਰ ਪਨਾਹ ਲਵੇ ਅਤੇ ਸਾਰੇ ਦਰਵਾਜ਼ੇ, ਖਿੜਕੀਆਂ, ਵੈਂਟ ਅਤੇ ਕੂਲਿੰਗ ਸਿਸਟਮ ਬੰਦ ਰੱਖੇ। ਉਨ੍ਹਾਂ ਨੂੰ ਅੱਗ ਲੱਗਣ ਤੋਂ ਪਹਿਲਾਂ ਪਨਾਹ ਲੈਣ ਲਈ ਕਿਹਾ ਗਿਆ ਹੈ।
ਜੰਗਲਾਤ ਫਾਇਰ ਮੈਨੇਜਮੈਂਟ ਵਿਕਟੋਰੀਆ ਨੇ ਚੇਤਾਵਨੀ ਦਿੱਤੀ ਹੈ, ‘‘ਅੱਗ ਦੀਆਂ ਲਪਟਾਂ ਤੁਹਾਡੇ ਤੱਕ ਪਹੁੰਚਣ ਤੋਂ ਪਹਿਲਾਂ ਹੀ ਬਹੁਤ ਜ਼ਿਆਦਾ ਗਰਮੀ ਤੁਹਾਨੂੰ ਮਾਰ ਸਕਦੀ ਹੈ।’’ ਇਸ ਲਈ ਸਲਾਹ ’ਚ ਕਿਹਾ ਗਿਆ ਹੈ ਕਿ ਜੇ ਤੁਹਾਡੇ ਘਰ ਨੂੰ ਅੱਗ ਲੱਗ ਜਾਂਦੀ ਹੈ ਅਤੇ ਅੰਦਰਲੇ ਹਾਲਾਤ ਅਸਹਿ ਹੋ ਜਾਂਦੇ ਹਨ, ਤਾਂ ਤੁਹਾਨੂੰ ਬਾਹਰ ਨਿਕਲਣ ਅਤੇ ਉਸ ਖੇਤਰ ਵਿੱਚ ਜਾਣ ਦੀ ਲੋੜ ਹੈ ਜੋ ਪਹਿਲਾਂ ਹੀ ਸੜ ਕੇ ਰਾਖ਼ ਹੋ ਚੁੱਕਾ ਹੈ। ਕੋਈ ਵੀ ਵਿਅਕਤੀ ਜੋ ਘਰ ਦੇ ਅੰਦਰ ਪਨਾਹ ਲੈਣ ਵਿੱਚ ਅਸਮਰੱਥ ਹੈ, ਉਸ ਨੂੰ ਇੱਕ ਵੱਡੇ ਖੁੱਲ੍ਹੇ ਖੇਤਰ ਜਾਂ ਪਾਣੀ ਦੇ ਸਰੋਤ ਵਿੱਚ ਪਨਾਹ ਲੈਣੀ ਚਾਹੀਦੀ ਹੈ।