ਮੈਲਬਰਨ : Qantas ਦੇ ਇੱਕ ਹਵਾਈ ਜਹਾਜ਼ ਦਾ ਇੰਜਣ ਫੇਲ੍ਹ ਹੋਣ ਕਾਰਨ ਇਸ ਨੂੰ ਪਿੱਛੇ ਮੁੜ ਕੇ ਉਤਰਨਾ ਪਿਆ, ਇਸ ਦੌਰਾਨ ਸਿਡਨੀ ਹਵਾਈ ਅੱਡੇ ’ਤੇ ਰਨਵੇ ਦੇ ਨਾਲ ਲੱਗੀ ਘਾਹ ਨੂੰ ਅੱਗ ਲੱਗ ਗਈ ਜਿਸ ਨਾਲ ਹਾਲਤ ਹੋਰ ਬਦਤਰ ਹੋ ਗਏ। ਅੱਜ ਦੁਪਹਿਰ 1 ਵਜੇ ਤੋਂ ਪਹਿਲਾਂ ਸਿਡਨੀ ਹਵਾਈ ਅੱਡੇ ’ਤੇ ਉਡਾਣ ਭਰਨ ਤੋਂ ਬਾਅਦ ਜਹਾਜ਼ ਵਿੱਚ ਸਵਾਰ ਮੁਸਾਫ਼ਰਾਂ ਨੇ ਸ਼ੁਰੂ ਵਿੱਚ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ।
ਇੱਕ ਮੁਸਾਫ਼ਰ ਜੌਰਜੀਨਾ ਲੁਈਸ ਨੇ ਦੱਸਿਆ ਕਿ ਉਡਾਣ ਭਰਨ ਤੋਂ ਬਾਅਦ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਲੁਈਸ ਨੇ ਮੀਡੀਆ ਨੂੰ ਦੱਸਿਆ, ‘‘ਅਜਿਹਾ ਲੱਗਦਾ ਸੀ ਕਿ ਇਕ ਇੰਜਣ ਖਰਾਬ ਹੋ ਗਿਆ।’’ ਪਾਇਲਟ ਨੇ 10 ਕੁ ਮਿੰਟਾਂ ਦੱਸਿਆ ਕਿ ਉਡਾਣ ਭਰਨ ਦੌਰਾਨ ਉਨ੍ਹਾਂ ਦੇ ਸੱਜੇ ਹੱਥ ਦੇ ਇੰਜਣ ’ਚ ਸਮੱਸਿਆ ਪੈਦਾ ਹੋ ਗਈ।
ਬੋਇੰਗ 737 ਜਹਾਜ਼ 174 ਯਾਤਰੀਆਂ ਨੂੰ ਲੈ ਕੇ ਬ੍ਰਿਸਬੇਨ ਜਾ ਰਿਹਾ ਸੀ। ਏਅਰ ਸਰਵਿਸਿਜ਼ ਆਸਟ੍ਰੇਲੀਆ ਨੇ ਪੁਸ਼ਟੀ ਕੀਤੀ ਹੈ ਕਿ ਇੰਜਣ ਫੇਲ੍ਹ ਹੋਣ ਕਾਰਨ ਘਾਹ ਵਿੱਚ ਅੱਗ ਲੱਗੀ। ਰਨਵੇ 34R ਤੋਂ ਉਡਾਣ ਭਰਨ ਦੌਰਾਨ ਇੰਜਣ ਫੇਲ੍ਹ ਹੋਣ ਕਾਰਨ ਰਨਵੇ ਦੇ ਨਾਲ ਲੱਗਦੇ ਘਾਹ ਦੇ ਖੇਤਰ ਨੂੰ ਅੱਗ ਲੱਗ ਗਈ।