ਮੈਲਬਰਨ : ਕੈਨੇਡਾ ਨੇ ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਦੀ ਪ੍ਰੈਸ ਕਾਨਫਰੰਸ ਦਿਖਾਉਣ ਤੋਂ ਬਾਅਦ ਆਸਟ੍ਰੇਲੀਆ ਦੇ ਇੱਕ ਨਿਊਜ਼ ਚੈਨਲ ਦੇ ਸੋਸ਼ਲ ਮੀਡੀਆ ਅਕਾਊਂਟ ’ਤੇ ਪਾਬੰਦੀ ਲਗਾ ਦਿੱਤੀ ਹੈ। Australia Today ਨੇ ਜੈਸ਼ੰਕਰ ਅਤੇ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ Penny Wong ਵਿਚਾਲੇ ਸਾਂਝੀ ਪ੍ਰੈਸ ਕਾਨਫਰੰਸ ਪ੍ਰਸਾਰਿਤ ਕੀਤੀ। ਇਸ ਪ੍ਰੈਸ ਕਾਨਫਰੰਸ ’ਚ ਜੈਸ਼ੰਕਰ ਨੇ ਭਾਰਤ-ਕੈਨੇਡਾ ਦੇ ਕੂਟਨੀਤਕ ਸਬੰਧਾਂ ’ਤੇ ਸਖਤ ਟਿੱਪਣੀ ਕੀਤੀ ਸੀ। ਭਾਰਤ ਨੇ ਚੈਨਲ ਦੇ ਸ਼ੋਸ਼ਲ ਮੀਡੀਆ ਹੈਂਡਲ ਅਤੇ ਪੇਜਾਂ ’ਤੇ ਪਾਬੰਦੀ ਲਗਾਉਣ ਦੇ ਕੈਨੇਡਾ ਦੇ ਫੈਸਲੇ ’ਤੇ ਹੈਰਾਨੀ ਜ਼ਾਹਰ ਕੀਤੀ ਹੈ।
ਜੈਸ਼ੰਕਰ 3 ਨਵੰਬਰ ਤੋਂ ਆਸਟ੍ਰੇਲੀਆ ਦੇ ਦੌਰੇ ’ਤੇ ਹਨ। ਇਸ ਦੌਰਾਨ ਉਨ੍ਹਾਂ ਨੇ ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ Penny Wong ਨਾਲ ਪ੍ਰੈੱਸ ਕਾਨਫਰੰਸ ਕੀਤੀ ਜਿਸ ’ਚ ਜੈਸ਼ੰਕਰ ਨੇ ਸਿੱਖ ਕਾਰਕੁਨ ਹਰਦੀਪ ਸਿੰਘ ਨਿੱਝਰ ਦੇ ਕਤਲ ’ਤੇ ਕੈਨੇਡਾ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਸੀ, ‘‘ਸਭ ਤੋਂ ਪਹਿਲਾਂ ਕੈਨੇਡਾ ਨੇ ਬਿਨਾਂ ਕਿਸੇ ਆਧਾਰ ਦੇ ਦੋਸ਼ ਲਗਾਉਣ ਦਾ ਤਰੀਕਾ ਵਿਕਸਿਤ ਕੀਤਾ ਹੈ। ਦੂਜਾ, ਸਾਡੇ ਡਿਪਲੋਮੈਟ ਕੈਨੇਡਾ ਵਿਚ ਨਿਗਰਾਨੀ ਹੇਠ ਸਨ, ਜੋ ਸਾਨੂੰ ਬਿਲਕੁਲ ਵੀ ਮਨਜ਼ੂਰ ਨਹੀਂ ਹੈ। ਅਤੇ ਤੀਜਾ, ਕੈਨੇਡਾ ਵਿੱਚ ਹਿੰਦੂ ਮੰਦਰਾਂ ’ਤੇ ਹੋਏ ਹਮਲਿਆਂ ਨੂੰ ਵੇਖ ਕੇ ਇਹ ਸਮਝਿਆ ਜਾ ਸਕਦਾ ਹੈ ਕਿ ਕਿਵੇਂ ਭਾਰਤ ਵਿਰੋਧੀ ਅਨਸਰਾਂ ਨੂੰ ਉੱਥੇ ਥਾਂ ਦਿੱਤੀ ਗਈ ਹੈ।’’
ਇਹ ਪ੍ਰੈਸ ਕਾਨਫਰੰਸ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ’ਚ ਹੋਈ। ਇਸ ਦੇ ਪ੍ਰਸਾਰਣ ਦੇ ਕੁਝ ਘੰਟਿਆਂ ਦੇ ਅੰਦਰ ਹੀ ਕੈਨੇਡਾ ’ਚ ਕਈ ਲੋਕਾਂ ਨੇ Australia Today ’ਤੇ ਪਾਬੰਦੀ ਲਾਉਣ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ। ਇਸ ਮੁੱਦੇ ’ਤੇ ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਵੀ ਪ੍ਰਤੀਕਿਰਿਆ ਆਈ ਹੈ। ਰਣਧੀਰ ਜੈਸਵਾਲ ਨੇ ਕਿਹਾ, ‘‘ਆਸਟ੍ਰੇਲੀਆ ਟੂਡੇ ਚੈਨਲ ’ਤੇ ਕੈਨੇਡਾ ’ਚ ਪਾਬੰਦੀ ਲਗਾਉਣਾ ਬਹੁਤ ਹੀ ਅਜੀਬ ਫੈਸਲਾ ਹੈ। ਪਰ ਇਸ ਦੇ ਬਾਵਜੂਦ, ਮੈਂ ਕਹਾਂਗਾ ਕਿ ਇਹ ਕਾਰਵਾਈਆਂ ਪ੍ਰਗਟਾਵੇ ਦੀ ਆਜ਼ਾਦੀ ਦੇ ਮੁੱਦੇ ‘ਤੇ ਕੈਨੇਡਾ ਦੇ ਪਾਖੰਡ ਦਾ ਪਰਦਾਫਾਸ਼ ਕਰਦੀਆਂ ਹਨ।’’