ਅਮਰੀਕਾ ’ਚ ਆਸਟ੍ਰੇਲੀਆ ਦੇ ਅੰਬੈਸਡਰ ਨੇ ਸੋਸ਼ਲ ਮੀਡੀਆ ਤੋਂ ਹਟਾਈਆਂ Donald Trump ਬਾਰੇ ਟਿੱਪਣੀਆਂ, ਆਸਟ੍ਰੇਲੀਆ ’ਚ ਵਧਿਆ ਸਿਆਸੀ ਤਣਾਅ

ਮੈਲਬਰਨ : Donald Trump ਵੱਲੋਂ ਅਮਰੀਕੀ ਰਾਸ਼ਟਰਪਤੀ ਚੋਣ ਜਿੱਤਣ ਤੋਂ ਬਾਅਦ ਅਮਰੀਕਾ ਵਿਚ ਆਸਟ੍ਰੇਲੀਆ ਦੇ ਅੰਬੈਸਡਰ Kevin Rudd ਨੇ ਆਪਣੀਆਂ ਉਨ੍ਹਾਂ ਸੋਸ਼ਲ ਮੀਡੀਆ ਪੋਸਟਾਂ ਨੂੰ ਹਟਾ ਦਿੱਤਾ ਹੈ ਜਿਸ ’ਚ ਉਨ੍ਹਾਂ ਨੇ ਟਰੰਪ ਦੀ ਸਖ਼ਤ ਨਿਖੇਧੀ ਕੀਤੀ ਹੋਈ ਸੀ। ਦੂਜੇ ਪਾਸੇ ਉਨ੍ਹਾਂ ਦੀ ਅਮਰੀਕਾ ’ਚ ਨਿਯੁਕਤੀ ਨੂੰ ਲੈ ਕੇ ਆਸਟ੍ਰੇਲੀਆ ’ਚ ਤਣਾਅ ਵਧਦਾ ਜਾ ਰਿਹਾ ਹੈ ਅਤੇ ਇਹ ਮੁੱਦਾ ਅੱਜ ਆਸਟ੍ਰੇਲੀਆ ਦੀ ਸੰਸਦ ’ਚ ਵੀ ਉੱਠਿਆ।

Kevin Rudd ਨੇ ਜੂਨ 2020 ਦੀ ਟਿੱਪਣੀ ਵਿਚ ਟਰੰਪ ਨੂੰ ‘ਪੱਛਮ ਦਾ ਗੱਦਾਰ’ ਦੱਸਿਆ ਸੀ ਜਿਸ ਨੇ ‘ਅਮਰੀਕਾ ਅਤੇ ਲੋਕਤੰਤਰ ਨੂੰ ਚਿੱਕੜ ਵਿਚ ਘਸੀਟਿਆ’। ਇਨ੍ਹਾਂ ਟਿੱਪਣੀਆਂ ਨੂੰ ਅਮਰੀਕੀ ਚੋਣ ਮੁਹਿੰਮ ਦੇ ਆਖਰੀ ਪੜਾਅ ਵਿਚ ਚੁੱਪਚਾਪ ਹਟਾ ਦਿੱਤਾ ਗਿਆ ਸੀ ਅਤੇ Rudd ਦੇ ਦਫਤਰ ਨੇ ਕਿਹਾ ਸੀ ਕਿ ਇਹ ਟਿੱਪਣੀਆਂ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਦੇ ਸਨਮਾਨ ਵਿਚ ਅਤੇ ਰਾਜਦੂਤ ਦੇ ਤੌਰ ’ਤੇ ਉਨ੍ਹਾਂ ਦੇ ਵਿਚਾਰਾਂ ਦੇ ਗਲਤ ਅਰਥ ਕੱਢਣ ਤੋਂ ਰੋਕਣ ਲਈ ਕੀਤੀਆਂ ਗਈਆਂ ਸਨ।

ਪ੍ਰਧਾਨ ਮੰਤਰੀ Anthony Albanese ਨੇ ਅਮਰੀਕਾ-ਆਸਟ੍ਰੇਲੀਆ ਗੱਠਜੋੜ ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹੋਏ Rudd ਦੀ ਸਥਿਤੀ ਦਾ ਬਚਾਅ ਕੀਤਾ ਹੈ, ਪਰ ਵਿਰੋਧੀ ਧਿਰ ਦੇ ਮੈਂਬਰਾਂ ਨੇ ਸਵਾਲ ਕੀਤਾ ਹੈ ਕਿ ਕੀ Rudd ਦੀ ਪਿਛਲੀ ਆਲੋਚਨਾ ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ ਤਣਾਅਪੂਰਨ ਬਣਾ ਸਕਦੀ ਹੈ। Donald Trump ਨੇ ਖੁਦ Rudd ਦੀਆਂ ਟਿੱਪਣੀਆਂ ਨੂੰ ‘ਗੰਦਾ’ ਕਹਿ ਕੇ ਆਲੋਚਨਾਤਮਕ ਕੀਤੀ ਸੀ ਅਤੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ‘ਸਭ ਤੋਂ ਰੌਸ਼ਨ ਬੱਲਬ ਨਹੀਂ’ ਹਨ।