ਮੈਲਬਰਨ : ਮਹਿੰਗਾਈ ਲਗਭਗ ਚਾਰ ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ’ਤੇ ਆਉਣ ਦੇ ਬਾਵਜੂਦ ਆਸਟ੍ਰੇਲੀਆ ਦੇ ਰਿਜ਼ਰਵ ਬੈਂਕ ਨੇ ਆਪਣੀ ਲਗਾਤਾਰ ਅੱਠਵੀਂ ਬੈਠਕ ’ਚ ਵਿਆਜ ਦਰਾਂ ਨੂੰ 4.35 ਫੀਸਦੀ ’ਤੇ ਬਰਕਰਾਰ ਰੱਖਿਆ ਹੈ, ਜੋ 2011 ਤੋਂ ਬਾਅਦ ਪਿਛਲੇ ਇੱਕ ਸਾਲ ਤੋਂ ਲਗਾਤਾਰ ਆਪਣੇ ਸਭ ਤੋਂ ਉੱਚੇ ਪੱਧਰ ’ਤੇ ਬਣੀ ਹੋਈ ਹੈ।
ਸਤੰਬਰ ਤਿਮਾਹੀ ’ਚ ਮਹਿੰਗਾਈ ਦਰ ਘਟ ਕੇ 2.8 ਫੀਸਦੀ ’ਤੇ ਆ ਗਈ ਸੀ, ਜੋ ਸਾਢੇ ਤਿੰਨ ਸਾਲਾਂ ਦਾ ਸਭ ਤੋਂ ਹੇਠਲਾ ਪੱਧਰ ਹੈ। RBA ਨੇ ਇਕ ਬਿਆਨ ’ਚ ਕਿਹਾ ਕਿ 2022 ’ਚ ਸਿਖਰ ’ਤੇ ਪਹੁੰਚਣ ਤੋਂ ਬਾਅਦ ਮਹਿੰਗਾਈ ’ਚ ਕਾਫੀ ਗਿਰਾਵਟ ਆਈ ਹੈ ਪਰ ਪ੍ਰਮੁੱਖ ਚੀਜ਼ਾਂ ਦਾ ਮਹਿੰਗਾਈ ਰੇਟ ਸਤੰਬਰ ਤਿਮਾਹੀ ’ਚ 3.5 ਫੀਸਦੀ ’ਤੇ ਬਣਿਆ ਰਿਹਾ। RBA ਨੇ ਨਵੰਬਰ ਦੀ ਦੋ ਦਿਨਾਂ ਬੈਠਕ ਤੋਂ ਬਾਅਦ ਵਿਆਜ ਦਰਾਂ ਵਿੱਚ ਕੋਈ ਤਬਦੀਲੀ ਨਾ ਕਰਨ ਦਾ ਫੈਸਲਾ ਅਜਿਹੇ ਸਮੇਂ ਲਿਆ ਹੈ ਜਦੋਂ ਵਿਦੇਸ਼ਾਂ ਵਿੱਚ ਕੇਂਦਰੀ ਬੈਂਕ ਦਰਾਂ ਵਿੱਚ ਕਟੌਤੀ ਕਰ ਰਹੇ ਹਨ।