ਮੈਲਬਰਨ : ਵਿਕਟੋਰੀਆ ਦੇ Bendigo ’ਚ ਸਵੇਰੇ 6:41 ਵਜੇ 3.6 ਤੀਬਰਤਾ ਦਾ ਭੂਚਾਲ ਆਇਆ। ਭੂਚਾਲ 0 ਕਿਲੋਮੀਟਰ ਦੀ ਡੂੰਘਾਈ ’ਤੇ ਆਇਆ ਅਤੇ ਇਸ ਦਾ ਕੇਂਦਰ Elmore ’ਚ ਸੀ। ਡੂੰਘਾਈ ਘੱਟ ਹੋਣ ਕਾਰਨ ਭੂਚਾਲ ਏਨਾ ਤਾਕਤਵਰ ਸੀ ਕਿ ਲੋਕਾਂ ਦੇ ਬੈੱਡ ਤਕ ਹਿੱਲਣ ਲੱਗ ਪਏ ਅਤੇ ਉਨ੍ਹਾਂ ਦੀ ਨੀਂਦ ਵੀ ਖੁੱਲ੍ਹ ਗਈ। SES ਨੂੰ ਸਹਾਇਤਾ ਲਈ ਕਈ ਕਾਲਾਂ ਪ੍ਰਾਪਤ ਹੋਈਆਂ ਹਨ, ਲੋਕਾਂ ਨੇ ਭੂਚਾਲ ਦੇ ਝਟਕਿਆਂ ਨੂੰ ਬਹੁਤ ਤੇਜ਼ ਦੱਸਿਆ ਹੈ। ਹਾਲਾਂਕਿ ਇਸ ਭੂਚਾਲ ਨਾਲ ਕਿਸੇ ਵੱਡੇ ਨੁਕਸਾਨ ਦੀ ਖ਼ਬਰ ਨਹੀਂ ਹੈ, ਪਰ ਲੋਕਾਂ ਨੇ ਸੋਸ਼ਲ ਮੀਡੀਆ ’ਤੇ ਆਪਣੇ ਤਜਰਬੇ ਸਾਂਝੇ ਕੀਤੇ ਕਿ ਭੂਚਾਲ ਦੇ ਤੇਜ਼ ਝਟਕਿਆਂ ਨਾਲ ਖਿੜਕੀਆਂ ਤਕ ਹਿੱਲਣ ਲੱਗੀਆਂ।
ਵਿਕਟੋਰੀਆ ’ਚ ਹਾਲ ਹੀ ਦੇ ਮਹੀਨਿਆਂ ’ਚ ਆਏ ਭੂਚਾਲਾਂ ਦੀ ਲੜੀ ’ਚ ਇਹ ਸਭ ਤੋਂ ਭਿਆਨਕ ਭੂਚਾਲਾਂ ’ਚੋਂ ਇੱਕ ਹੈ। ਇਨ੍ਹਾਂ ’ਚ 29 ਅਗਸਤ ਨੂੰ ਹੈਮਿਲਟਨ ’ਚ 3.4 ਤੀਬਰਤਾ ਦਾ ਭੂਚਾਲ, 26 ਅਗਸਤ ਨੂੰ ਗਿਪਸਲੈਂਡ ’ਚ 3.0 ਤੀਬਰਤਾ ਦਾ ਭੂਚਾਲ ਅਤੇ 7 ਅਗਸਤ ਨੂੰ ਸੂਬੇ ਦੇ ਉੱਚ ਦੇਸ਼ ‘ਚ 4.1 ਤੀਬਰਤਾ ਦਾ ਭੂਚਾਲ ਸ਼ਾਮਲ ਹੈ। 7 ਅਗਸਤ ਨੂੰ ਆਏ ਭੂਚਾਲ ਦਾ ਸਬੰਧ ਸਤੰਬਰ 2021 ’ਚ ਆਏ 5.9 ਤੀਬਰਤਾ ਦੇ ਰਿਕਾਰਡਤੋੜ ਭੂਚਾਲ ਨਾਲ ਸੀ, ਜਿਸ ਨਾਲ ਮੈਲਬਰਨ ’ਚ ਕਾਫੀ ਨੁਕਸਾਨ ਹੋਇਆ ਸੀ ਅਤੇ ਇਹ ਕੈਨਬਰਾ, ਸਿਡਨੀ ਅਤੇ ਐਡੀਲੇਡ ਤੱਕ ਮਹਿਸੂਸ ਕੀਤਾ ਗਿਆ ਸੀ। ਜੀਓਸਾਇੰਸ ਆਸਟ੍ਰੇਲੀਆ ਦੇ ਸੀਨੀਅਰ ਭੂਚਾਲ ਵਿਗਿਆਨੀ ਪ੍ਰੋਫੈਸਰ ਫਿਲ ਕਮਿੰਸ ਨੇ ਕਿਹਾ ਕਿ ਵੱਡੇ ਭੂਚਾਲ ਤੋਂ ਬਾਅਦ ਭੂਚਾਲ ਦੇ ਝਟਕੇ ਆਮ ਗੱਲ ਹੈ।