ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਵਿਚਕਾਰ ਨਵਾਂ ਉਬਾਲ, ਜਾਣੋ ਕੈਨੇਡਾ ਦੇ ਮੰਤਰੀ ਕਿਉਂ ਲਿਆ ਭਾਰਤੀ ਮੰਤਰੀ ਅਮਿਤ ਸ਼ਾਹ ਦਾ ਨਾਂ!

ਮੈਲਬਰਨ : ਕੈਨੇਡਾ ਦੇ ਡਿਪਟੀ ਵਿਦੇਸ਼ ਮੰਤਰੀ David Morrison ਦੇ ਇੱਕ ਬਿਆਨ ਤੋਂ ਬਾਅਦ ਭਾਰਤ ਅਤੇ ਕੈਨੇਡਾ ਵਿਚਾਲੇ ਤਣਾਅ ਵਧਣਾ ਤੈਅ ਹੈ। ਆਪਣੇ ਤਾਜ਼ਾ ਬਿਆਨ ’ਚ ਉਨ੍ਹਾਂ ਕਿਹਾ ਹੈ ਕਿ ਭਾਰਤੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੈਨੇਡੀਅਨ ਨਾਗਰਿਕਾਂ ਨੂੰ ਮਾਰਨ ਦੀ ਸਾਜਿਸ਼ ਵਿਚ ਸ਼ਾਮਲ ਸਨ। ਇਹ ਖੁਲਾਸਾ ਜਨਤਕ ਸੁਰੱਖਿਆ ਅਤੇ ਰਾਸ਼ਟਰੀ ਸੁਰੱਖਿਆ ’ਤੇ ਕੈਨੇਡੀਅਨ ਸੰਸਦੀ ਕਮੇਟੀ ਦੀ ਸੁਣਵਾਈ ਦੌਰਾਨ ਹੋਇਆ, ਜਿੱਥੇ ਮੌਰੀਸਨ ਨੇ ਇਕ ਅਮਰੀਕੀ ਅਖਬਾਰ The Washington Post ਨੂੰ ਇਸ ਬਾਰੇ ਜਾਣਕਾਰੀ ਦੇਣ ਦੀ ਪੁਸ਼ਟੀ ਕੀਤੀ।

ਵਾਸ਼ਿੰਗਟਨ ਪੋਸਟ ਨੇ 14 ਅਕਤੂਬਰ ਨੂੰ ਅਣਪਛਾਤੇ ਕੈਨੇਡੀਅਨ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਸੀ ਕਿ ਉਨ੍ਹਾਂ ਨੇ ਭਾਰਤ ਸਰਕਾਰ ਨੂੰ ਦੱਸਿਆ ਸੀ ਕਿ ਭਾਰਤੀ ਡਿਪਲੋਮੈਟਾਂ ਵਿਚਾਲੇ ਗੱਲਬਾਤ ਅਤੇ ਲਿਖਤਾਂ ਵਿਚ ਸ਼ਾਹ ਅਤੇ ਰਿਸਰਚ ਐਂਡ ਐਨਾਲਿਸਿਸ ਵਿੰਗ ਦੇ ਇਕ ਸੀਨੀਅਰ ਅਧਿਕਾਰੀ ਦੇ ਹਵਾਲੇ ਸ਼ਾਮਲ ਹਨ ਜਿਨ੍ਹਾਂ ਨੇ ਸਿੱਖ ਵੱਖਵਾਦੀਆਂ ਨੂੰ ਮਾਰਨ ਲਈ ਖੁਫ਼ੀਆ ਮਿਸ਼ਨ ਚਲਾਏ ਸਨ। ਇਹ ਦੋਸ਼ ਸਿੱਖ ਕਾਰਕੁਨ ਅਤੇ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਝਰ ਦੇ ਪਿਛਲੇ ਸਾਲ ਕਤਲ ਦੀ ਕੈਨੇਡਾ ਦੀ ਜਾਂਚ ਤੋਂ ਪੈਦਾ ਹੋਏ ਹਨ, ਜਿਸ ਦੇ ਨਤੀਜੇ ਵਜੋਂ ਜਾਂਚ ਵਿੱਚ ‘ਸ਼ੱਕੀ ਵਿਅਕਤੀ’ ਐਲਾਨੇ ਜਾਣ ਤੋਂ ਬਾਅਦ ਕੈਨੇਡਾ ਨੇ ਭਾਰਤ ਦੇ ਛੇ ਡਿਪਲੋਮੈਟਾਂ ਨੂੰ ਵਾਪਸ ਭੇਜ ਦਿੱਤਾ ਸੀ।

ਇਹ ਵੀ ਪੜ੍ਹ : ਹਰਦੀਪ ਸਿੰਘ ਨਿੱਝਰ ਕਤਲ ਮਾਮਲੇ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਕਾਰ ਫਿਰ ਵਧੀ ਖਟਾਸ, ਮੁੜ ਹੋਈ ‘ਜੈਸੇ ਕੋ ਤੈਸਾ’ ਵਾਲੀ ਕਾਰਵਾਈ – Sea7 Australia

ਦੋਹਾਂ ਦੇਸ਼ਾਂ ਵਿਚਕਾਰ ਸਥਿਤੀ ਅਸਥਿਰ ਬਣੀ ਹੋਈ ਹੈ, ਕੈਨੇਡਾ ਦੇ ਰਾਸ਼ਟਰੀ ਸੁਰੱਖਿਆ ਅਤੇ ਖੁਫੀਆ ਸਲਾਹਕਾਰ Nathalie Drouin ਨੇ ਦੋਸ਼ ਲਾਇਆ ਹੈ ਕਿ ਭਾਰਤ ਸਰਕਾਰ ਨੇ ਇੰਡੋ-ਕੈਨੇਡੀਅਨਾਂ ਵਿਰੁੱਧ ਗੰਭੀਰ ਅਪਰਾਧਿਕ ਗਤੀਵਿਧੀਆਂ ਦੇ ਹੁਕਮ ਦਿੱਤੇ ਸਨ, ਜਿਸ ਵਿੱਚ ਕਤਲ ਅਤੇ ਕਤਲ ਦੀਆਂ ਸਾਜ਼ਿਸ਼ਾਂ ਸ਼ਾਮਲ ਹਨ। ਭਾਰਤ ਸਰਕਾਰ ਨੇ ਇਨ੍ਹਾਂ ਦੋਸ਼ਾਂ ਨੂੰ ਬੇਤੁਕਾ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸਿੱਖ ਭਾਈਚਾਰੇ ਦੀਆਂ ਵੋਟਾਂ ਹਾਸਲ ਕਰਨ ਦੇ ਨਿੱਜੀ ਏਜੰਡੇ ਦਾ ਹਿੱਸਾ ਦੱਸਦਿਆਂ ਰੱਦ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਜਸਟਿਨ ਟਰੂਡੋ ਨੇ ਭਾਰਤ ’ਤੇ ਕੈਨੇਡਾ ’ਚ ਅਪਰਾਧਿਕ ਗਤੀਵਿਧੀਆਂ ਦਾ ਸਮਰਥਨ ਕਰਨ ਦਾ ਦੋਸ਼ ਲਾਇਆ, ਜਾਣੋ ਕਿਉਂ ਆਇਆ ਲਾਰੈਂਸ ਬਿਸ਼ਨੋਈ ਦਾ ਨਾਂ ਸਾਹਮਣੇ – Sea7 Australia