ਮੈਲਬਰਨ : ਕੈਨਬਰਾ ’ਚ ਦੀਵਾਲੀ ਮੇਲਾ ਮਨਾਏ ਜਾਣ ਵਾਲੇ ਦਿਨ ਸ਼ਹਿਰ ਦੇ ਦੋ ਹਿੰਦੂ ਮੰਦਰਾਂ ਨੂੰ ਨਕਾਬਪੋਸ਼ ਵਿਅਕਤੀਆਂ ਨੇ ਨਿਸ਼ਾਨਾ ਬਣਾਇਆ, ਜਿਸ ਨਾਲ ਭਾਈਚਾਰਾ ਡੂੰਘੇ ਸਦਮੇ ’ਚ ਹੈ। ਦੁਪਹਿਰ 1:30 ਵਜੇ ਕਾਲੇ ਰੰਗ ਦੀ ਹੋਂਡਾ ਵੈਨ ’ਚ ਸਵਾਰ ਚਾਰ ਵਿਅਕਤੀ Florey ’ਚ ਸਥਿਤ ਹਿੰਦੂ ਮੰਦਰ ਅਤੇ ਸੱਭਿਆਚਾਰਕ ਕੇਂਦਰ ’ਚ ਦਾਖਲ ਹੋਏ ਅਤੇ ਚੜ੍ਹਾਵੇ ਲਈ ਰੱਖੇ ਡੱਬੇ ਚੋਰੀ ਕਰ ਲਏ। ਚੋਰਾਂ ਨੇ ਮੰਦਰ ਦੇ ਸ਼ੈੱਡ ਤੋਂ ਇਕ ਰੇੜ੍ਹੀ ਦੀ ਵਰਤੋਂ ਕਰ ਕੇ ਵੱਡੇ ਦਾਨ ਬਾਕਸ ਨੂੰ ਆਪਣੀ ਵੈਨ ਤੱਕ ਪਹੁੰਚਾਇਆ ਅਤੇ ਸਿਰਫ 15 ਮਿੰਟਾਂ ਵਿਚ ਚੋਰੀ ਪੂਰੀ ਕਰ ਲਈ।
ਇਸ ਤੋਂ ਬਾਅਦ ਉਸੇ ਸਮੂਹ ਨੇ ਵਿਸ਼ਨੂੰ ਸ਼ਿਵ ਮੰਦਰ ਨੂੰ ਨਿਸ਼ਾਨਾ ਬਣਾਇਆ ਅਤੇ ਦੁਪਹਿਰ 2 ਵਜੇ ਸਰੀਏ ਦੀ ਵਰਤੋਂ ਕਰ ਕੇ ਅੰਦਰ ਦਾਖਲ ਹੋ ਗਏ। ਉਨ੍ਹਾਂ ਨੇ ਰਿਸੈਪਸ਼ਨ ਖੇਤਰ ਵਿੱਚ ਭੰਨਤੋੜ ਕੀਤੀ ਅਤੇ ਨਕਦੀ ਨਾਲ ਭਰੀਆਂ ਦੋ ਤਿਜੋਰੀਆਂ ਲੈ ਗਏ। ਇਹੀ ਨਹੀਂ ਉਨ੍ਹਾਂ ਨੇ ਹਥੌੜਿਆਂ ਦੀ ਵਰਤੋਂ ਕਰ ਕੇ ਕੰਕਰੀਟ ਵਿੱਚ ਲੱਗੇ ਦਾਨ ਬਕਸੇ ਵੀ ਪੱਟ ਲਏ। ਭੰਨਤੋੜ ਕਰਨ ਵਾਲਿਆਂ ਨੇ ਅਲਮਾਰੀਆਂ ਸਮੇਤ ਮੰਦਰ ਦੇ ਮੂਰਤੀਆਂ ਵਾਲੇ ਪਵਿੱਤਰ ਖੇਤਰਾਂ ਨੂੰ ਵੀ ਨੁਕਸਾਨ ਪਹੁੰਚਾਇਆ ਅਤੇ ਪੂਜਨੀਕ ਸ਼ਿਵ ਲਿੰਗਮ ਦੇ ਚਿੰਨ੍ਹ ਨੂੰ ਤੋੜ ਦਿੱਤਾ, ਜਿਸ ਨਾਲ ਹਿੰਦੂ ਭਾਈਚਾਰੇ ਦੇ ਹਿਰਦੇ ਵਲੂੰਧਰੇ ਗਏ ਹਨ। ਮੰਦਰ ਦੇ ਨੇਤਾਵਾਂ ਨੇ ਇਨ੍ਹਾਂ ਕਾਰਵਾਈਆਂ ਦੀ ਨਿੰਦਾ ਕੀਤੀ ਹੈ ਅਤੇ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਮੰਦਰਾਂ ਅਤੇ ਹਿੰਦੂ ਭਾਈਚਾਰੇ ਦੀ ਰੱਖਿਆ ਲਈ ਵਧੇਰੇ ਸਮਰਥਨ ਦੀ ਮੰਗ ਕੀਤੀ ਹੈ।