ਮੈਲਬਰਨ : ਕੈਨੇਡਾ ਦੇ ਸਟੇਟ Nova Scotia ’ਚ Halifax ਸਥਿਤ ਇੱਕ ਵਾਲਮਾਰਟ ਬੇਕਰੀ ਦੇ ਵਿਸ਼ਾਲ ਓਵਨ ’ਚੋਂ 19 ਸਾਲ ਦੀ ਗੁਰਸਿਮਰਨ ਕੌਰ ਦੀ ਲਾਸ਼ ਮਿਲੀ ਹੈ। ਉਹ ਇੱਥੇ ਆਪਣੀ ਮਾਂ ਨਾਲ ਕੰਮ ਕਰਦੀ ਸੀ ਅਤੇ ਬੀਤੇ ਸ਼ਨਿਚਰਵਾਰ ਰਾਤ ਦੀ ਸ਼ਿਫ਼ਟ ’ਤੇ ਸੀ। ਜਦੋਂ ਕਾਫ਼ੀ ਸਮੇਂ ਤਕ ਉਸ ਦੀ ਮਾਂ ਨੇ ਉਸ ਨੂੰ ਨਾ ਵੇਖਿਆ ਤਾਂ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਉਸ ਦਾ ਫ਼ੋਨ ਵੀ ਬੰਦ ਪਿਆ ਸੀ। ਅਖ਼ੀਰ ਉਸ ਦੀ ਲਾਸ਼ ਬੇਕਰੀ ਦੇ ਵਿਸ਼ਾਲ ਓਵਨ ’ਚੋਂ ਸੜੀ ਹੋਈ ਹਾਲਤ ’ਚ ਮਿਲੀ। ਮੈਰੀਟਾਈਮ ਸਿੱਖ ਸੋਸਾਇਟੀ ਨੇ ਗੁਰਸਿਮਰਨ ਕੌਰ ਦੀ ਪਛਾਣ ਕੀਤੀ ਜੋ ਦੋ ਸਾਲ ਪਹਿਲਾਂ ਹੀ ਆਪਣੀ ਮਾਂ ਨਾਲ ਪੰਜਾਬ ਤੋਂ ਕੈਨੇਡਾ ਆਈ ਸੀ।
ਹੈਲੀਫੈਕਸ ਖੇਤਰੀ ਪੁਲਿਸ ਗੁਰਸਿਮਰਨ ਦੀ ਮੌਤ ਦੀ ‘ਗੁੰਝਲਦਾਰ’ ਜਾਂਚ ਕਰ ਰਹੀ ਹੈ, ਲੇਬਰ ਵਿਭਾਗ ਕਾਰਜ ਵਾਲਮਾਰਕ ’ਚ ਸੁਰੱਖਿਆ ਪ੍ਰੋਟੋਕੋਲ ਦੀ ਵੀ ਜਾਂਚ ਕਰ ਰਿਹਾ ਹੈ। ਯੂਨਾਈਟਿਡ ਫੂਡ ਐਂਡ ਕਮਰਸ਼ੀਅਲ ਵਰਕਰਜ਼ ਯੂਨੀਅਨ ਨੇ ਸਟੋਰ ’ਤੇ ਸੁਰੱਖਿਆ ਅਭਿਆਸਾਂ ਬਾਰੇ ਚਿੰਤਾ ਜ਼ਾਹਰ ਕੀਤੀ ਹੈ। ਵਾਲਮਾਰਟ ਨੇ ਚੱਲ ਰਹੀ ਜਾਂਚ ਕਾਰਨ ਹੋਰ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਗੁਰਸਿਮਰਨ ਕੌਰ ਦੀ ਮਾਂ ਸਦਮੇ ’ਚ ਹੈ ਅਤੇ ਨਿਆਂ ਦੀ ਮੰਗ ਕਰ ਰਹੀ ਹੈ ਅਤੇ ਆਪਣੀ ਧੀ ਦੀ ਦੁਖਦਾਈ ਮੌਤ ਬਾਰੇ ਜਵਾਬ ਮੰਗ ਰਹੀ ਹੈ।
ਸੁਸਾਇਟੀ ਨੇ ਗੁਰਸਿਮਰਨ ਕੌਰ ਦੇ ਪੰਜਾਬ ਸਥਿਤ ਪਿਤਾ ਅਤੇ ਭਰਾ ਲਈ ਯਾਤਰਾ ਦੇ ਖਰਚਿਆਂ ਅਤੇ ਲਾਸ਼ ਵਾਪਸ ਪੰਜਾਬ ਭੇਜਣ ਅਤੇ ਅੰਤਿਮ ਸੰਸਕਾਰ ਦੇ ਖਰਚਿਆਂ ਲਈ Gofundme ਜ਼ਰੀਏ 187,520 ਕੈਨੇਡੀਅਨ ਡਾਲਰ ਤੋਂ ਵੱਧ ਇਕੱਠੇ ਕੀਤੇ ਹਨ।