ਮੈਲਬਰਨ : ਲੇਬਰ ਪਾਰਟੀ ਨੇ ਲਗਾਤਾਰ ਸੱਤਵੀਂ ਵਾਰੀ ACT (Australian Capital Territory) ਦੀਆਂ ਚੋਣਾਂ ’ਚ ਜਿੱਤ ਹਾਸਲ ਕਰ ਲਈ ਹੈ। ਮੁੱਖ ਮੰਤਰੀ Andrew Barr ਸ਼ਨੀਵਾਰ ਨੂੰ ਹੋਈਆਂ ਚੋਣਾਂ ਤੋਂ ਬਾਅਦ ਰਿਕਾਰਡ ਸਮੇਂ ਲਈ ਮੁੱਖ ਮੰਤਰੀ ਬਣਨ ਦੀ ਰਾਹ ’ਤੇ ਹਨ। ਉਨ੍ਹਾਂ ਨੇ 2014 ’ਚ Katy Gallagher ਦੀ ਥਾਂ ਲਈ ਸੀ।
ਵੋਟਾਂ ਦੇ ਹਿੱਸੇ ’ਚੋਂ 3 ਫ਼ੀਸਦੀ ਘਟਣ ਦੇ ਬਾਵਜੂਦ ਲੇਬਰ ਪਾਰਟੀ 10 ਸੀਟਾਂ ਜਿੱਤਣ ਜਾ ਰਹੀ ਹੈ। ਜਦਕਿ ਉਸ ਦੀ ਭਾਈਵਾਲ ਗ੍ਰੀਨਸ ਪਾਰਟੀ ਤਿੰਨ ਸੀਟਾਂ ’ਤੇ ਅੱਗੇ ਹੈ। ਇਸ ਤੋਂ ਇਲਾਵਾ ਆਜ਼ਾਦ ਉਮੀਦਵਾਰ Thomas Emerson ਅਤੇ Fiona Carrick ਇੱਕ-ਇੱਕ ਸੀਟ ’ਤੇ ਅੱਗੇ ਹਨ। ਵਿਰੋਧੀ ਕੈਨਬਰਾ ਲਿਬਰਲ ਦੀ ਨੇਤਾ ਐਲਿਜ਼ਾਬੈਥ ਲੀ ਨੇ ਰੁਝਾਨਾਂ ਨੂੰ ਵੇਖਦਿਆਂ ਰਾਤ 10 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਹਾਰ ਮੰਨ ਲਈ। ਲੇਬਰ ਪਾਰਟੀ ਦੀ ਜਿੱਤ ਦਾ ਮਤਲਬ ਹੈ ਕਿ ਪਾਰਟੀ ਘੱਟੋ-ਘੱਟ 27 ਸਾਲਾਂ ਤੱਕ ਸਰਕਾਰ ਬਣਾਉਣ ਦੇ ਰਾਹ ’ਤੇ ਹੈ।
ਲੇਬਰ ਸਮਰਥਕਾਂ ਨੇ ਪਾਰਟੀ ਦੇ ਚੋਣ ਰਾਤ ਦੇ ਸਮਾਗਮ ਵਿਚ Barr ਦਾ ਸਵਾਗਤ ਕੀਤਾ ਅਤੇ ‘ਚਾਰ ਹੋਰ ਸਾਲ’ ਦੇ ਨਾਅਰੇ ਲਗਾਏ। Barr ਨੇ ਜਿੱਤ ਦੇ ਭਾਸ਼ਣ ’ਚ ਕਿਹਾ, ‘‘ਇੱਥੋਂ ਸਾਨੂੰ ਪ੍ਰਗਤੀਸ਼ੀਲ ਕ੍ਰਾਸਬੈਂਚ ਨਾਲ ਜੁੜਨ ਦੀ ਜ਼ਰੂਰਤ ਹੈ ਪਰ ਮੈਨੂੰ ਭਰੋਸਾ ਹੈ ਕਿ ਅਸੀਂ ਇਕ ਵਾਰ ਫਿਰ ਕੈਨਬਰਾ ਦੇ ਲੋਕਾਂ ਲਈ ਇਕ ਪ੍ਰਗਤੀਸ਼ੀਲ ਅਤੇ ਸਥਿਰ ਸਰਕਾਰ ਬਣਾਉਣ ਦੇ ਯੋਗ ਹੋਵਾਂਗੇ।’’