ਤਿਰੂਵਨੰਤਪੁਰਮ ਦੇ ਪ੍ਰਸਿੱਧ ਮੰਦਰ ’ਚ ਚੋਰੀ ਕਰਨ ਦੇ ਇਲਜ਼ਾਮ ਹੇਠ ਆਸਟ੍ਰੇਲੀਆਈ ਨਾਗਰਿਕ ਹਿਰਾਸਤ ’ਚ

ਮੈਲਬਰਨ : ਭਾਰਤ ਦੇ ਦੱਖਣੀ ਸੂਬੇ ਕੇਰਲ ਸਥਿਤ ਤਿਰੂਵਨੰਤਪੁਰਮ ਦੇ ਪ੍ਰਸਿੱਧ ਸ਼੍ਰੀ ਪਦਮਨਾਭ ਸਵਾਮੀ ਮੰਦਰ ਤੋਂ ਪਿੱਤਲ ਦਾ ਇਕ ਪਵਿੱਤਰ ਕਟੋਰਾ ਚੋਰੀ ਕਰਨ ਦੇ ਦੋਸ਼ ’ਚ ਇੱਕ ਆਸਟ੍ਰੇਲੀਆਈ ਨਾਗਰਿਕ ਸਮੇਤ ਚਾਰ ਜਣਿਆਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਮੁਲਜ਼ਮ ਇੱਕ ਡਾਕਟਰ ਹੈ ਜਿਸ ਦਾ ਨਾਮ ਗਣੇਸ਼ ਝਾ ਹੈ ਅਤੇ ਉਸ ਕੋਲ ਆਸਟ੍ਰੇਲੀਆ ਦੀ ਨਾਗਰਿਕਤਾ ਹੈ। ਪਿਛਲੇ ਹਫਤੇ ਉਹ ਅਪਣੇ ਪਰਿਵਾਰ ਨਾਲ ਮੰਦਰ ਆਇਆ ਸੀ। ਇਹ ਘਟਨਾ ਵੀਰਵਾਰ ਨੂੰ ਵਾਪਰੀ।

ਹਾਲਾਂਕਿ ਗਣੇਸ਼ ਨੇ ਦਾਅਵਾ ਕੀਤਾ ਹੈ ਉਸ ਨੇ ਕਟੋਰਾ ਚੋਰੀ ਨਹੀਂ ਕੀਤਾ ਬਲਕਿ ਉਸ ਨੂੰ ਮੰਦਰ ਦੇ ਸਟਾਫ਼ ਵਲੋਂ ਇਹ ਦਿਤਾ ਗਿਆ ਸੀ। ਝਾਅ ਨੇ ਕਿਹਾ ਕਿ ਜੇਕਰ ਕਿਸੇ ਨੇ ਉਨ੍ਹਾਂ ਨੂੰ ਕਟੋਰਾ ਉਤਾਰਨ ਤੋਂ ਰੋਕਿਆ ਹੁੰਦਾ ਤਾਂ ਉਹ ਉਨ੍ਹਾਂ ਨੂੰ ਮੰਦਰ ਤੋਂ ਬਾਹਰ ਨਹੀਂ ਲੈ ਜਾਂਦੇ। ਪੁਲਿਸ ਨੇ ਵੀ ਜਾਂਚ ਤੋਂ ਬਾਅਦ ਕਿਹਾ ਕਿ ਹਿਰਾਸਤ ਵਿੱਚ ਲਏ ਗਏ ਆਸਟ੍ਰੇਲੀਆਈ ਨਾਗਰਿਕ ਨੇ ਜਾਣਬੁੱਝ ਕੇ ਅਜਿਹਾ ਨਹੀਂ ਕੀਤਾ। ਉਸ ਦੇ ਖਿਲਾਫ ਪਹਿਲਾਂ ਚੋਰੀ ਦਾ ਮਾਮਲਾ ਦਰਜ ਸੀ ਪਰ ਹੁਣ ਦੋਸ਼ ਘਟਾ ਦਿੱਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਝਾਅ ਨੂੰ ਜਲਦੀ ਹੀ ਰਿਹਾਅ ਕਰ ਦਿੱਤਾ ਜਾਵੇਗਾ।

ਕੀ ਅਹਿਮੀਅਤ ਹੈ ਉਰੂਲੀ ਦੀ?

ਸਥਾਨਕ ਭਾਸ਼ਾ ’ਚ ਉਰੂਲੀ ਨਾਮਕ ਰਵਾਇਤੀ ਕਟੋਰੇ ਦੀ ਵਰਤੋਂ ਪ੍ਰਾਚੀਨ ਮੰਦਰ ’ਚ ਪੂਜਾ ਅਤੇ ਰਸਮਾਂ ਲਈ ਕੀਤੀ ਜਾਂਦੀ ਹੈ। ਮੰਦਰ ਦੇ ਅੰਦਰੂਨੀ ਹਿੱਸੇ ਤੋਂ ਪੂਜਾ ਲਈ ਵਰਤੇ ਜਾਣ ਵਾਲੇ ਇਕ ਛੋਟੇ ਜਿਹੇ ਪੁਰਾਣੇ ਪਿੱਤਲ ਦੇ ਕਟੋਰੇ ਦੇ ਗੁੰਮ ਹੋਣ ਨਾਲ ਚਿੰਤਾ ਪੈਦਾ ਹੋ ਗਈ ਸੀ ਅਤੇ ਤਲਾਸ਼ੀ ਮੁਹਿੰਮ ਹਰਿਆਣਾ ਤੱਕ ਫੈਲ ਗਈ। ਸੂਤਰਾਂ ਨੇ ਦੱਸਿਆ ਕਿ 200 ਗ੍ਰਾਮ ਤੋਂ ਘੱਟ ਭਾਰ ਵਾਲੀ ਇਸ ਕਲਾਕ੍ਰਿਤੀ ’ਤੇ ਮਲਿਆਲਮ ਅਤੇ ਤਾਮਿਲ ਭਾਸ਼ਾ ’ਚ ਲਿਖਿਆ ਹੋਇਅਾ ਹੈ। ਮੰਦਰ ਆਪਣੇ ਅਨਮੋਲ ਖਜ਼ਾਨੇ ਲਈ ਮਸ਼ਹੂਰ ਹੈ, ਜੋ ਗੁਪਤ ਸਟੋਰਾਂ ਵਿੱਚ ਰੱਖੇ ਜਾਂਦੇ ਹਨ। ਵੀਰਵਾਰ ਨੂੰ ਜਦੋਂ ਪਿੱਤਲ ਦਾ ਭਾਂਡਾ ਗਾਇਬ ਹੋ ਗਿਆ ਤਾਂ ਮੰਦਰ ਪ੍ਰਬੰਧਨ ਨੇ ਪੁਲਿਸ ਨੂੰ ਸੂਚਿਤ ਕੀਤਾ। ਹਾਲਾਂਕਿ ਤਿਰੂਵਨੰਤਪੁਰਮ ਸਿਟੀ ਪੁਲਿਸ ਨੇ ਜਾਂਚ ਮਗਰੋਂ ਇਹ ਸਿੱਟਾ ਕੱਢਿਆ ਹੈ ਕਿ ਇਹ ਘਟਨਾ ਅਣਜਾਣੇ ਵਿੱਚ ਵਾਪਰੀ ਸੀ, ਪਰ ਇਸ ਨੇ ਮੰਦਰ ਦੇ ਉੱਚ ਸੁਰੱਖਿਆ ਖੇਤਰ ਵਿੱਚ ਕਮਜ਼ੋਰੀਆਂ ਨੂੰ ਉਜਾਗਰ ਕੀਤਾ ਸੀ।