ਮੈਲਬਰਨ : FBI ਨੇ ਵਿਕਟੋਰੀਆ ਪੁਲਿਸ ਨੂੰ ਇੱਕ ਭਿਆਨਕ ਅੱਤਵਾਦੀ ਹਮਲੇ ਦੀ ਸਾਜਿਸ਼ ਬਾਰੇ ਸੂਚਿਤ ਕੀਤਾ ਹੈ ਜਿਸ ਤੋਂ ਬਾਅਦ ਅੱਤਵਾਦ ਰੋਕੂ ਪੁਲਿਸ ਨੇ ਮੈਲਬਰਨ ਦੇ ਦੱਖਣ-ਪੂਰਬੀ ਇਲਾਕੇ ’ਚ 19 ਸਾਲ ਦੇ ਨੌਜਵਾਨ ਦੇ ਘਰ ਛਾਪਾ ਮਾਰਿਆ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਉਸ ਕੋਲੋਂ ਕਥਿਤ ਤੌਰ ’ਤੇ ਅੱਤਵਾਦੀ ਸਾਜਿਸ਼ ਦੇ ਵੇਰਵੇ ਵਾਲੇ ਹੱਥ ਨਾਲ ਲਿਖੇ ਨੋਟ ਬਰਾਮਦ ਕੀਤੇ। ਇਨ੍ਹਾਂ ਯੋਜਨਾਵਾਂ ਵਿਚ ਕਥਿਤ ਤੌਰ ’ਤੇ ਉਸ ਦੇ ਸਾਬਕਾ ਹਾਈ ਸਕੂਲ ਵਿਚ ਸਮੂਹਿਕ ਗੋਲੀਬਾਰੀ, ਇਕ ਰੇਲ ਗੱਡੀ ਨੂੰ ਪਟੜੀ ਤੋਂ ਉਤਰਨਾ, ਇਕ ਯੂਨੀਵਰਸਿਟੀ ਨੂੰ ਉਡਾਉਣਾ ਅਤੇ ਮੈਲਬਰਨ ਦੀ ਪਾਣੀ ਦੀ ਸਪਲਾਈ ਵਿਚ ਜ਼ਹਿਰ ਭਰਨਾ ਸ਼ਾਮਲ ਸੀ।
ਪੁਲਿਸ ਨੂੰ ਕਥਿਤ ਤੌਰ ’ਤੇ ਘਰ ਦੇ ਅੰਦਰ ਹਥਿਆਰਾਂ ਦਾ ਭੰਡਾਰ, ਬੰਦੂਕ ਬਣਾਉਣ ਲਈ ਧਾਤੂ ਦੇ ਹਿੱਸੇ, 522 ਗੋਲੀਆਂ, ਇੱਕ ਟੇਜ਼ਰ, ਕੈਮਿਸਟਰੀ ਸ਼ੀਸ਼ੇ ਦਾ ਸਾਮਾਨ, ਵਿਸਫੋਟਕ ਰਸਾਇਣ ਅਤੇ ਘਰੇਲੂ ਬੰਦੂਕਾਂ ਦਾ ਭੰਡਾਰ ਵੀ ਮਿਲਿਆ। ਜ਼ਿਕਰਯੋਗ ਹੈ ਕਿ ਨੌਜਵਾਨ ਨੂੰ ਪਹਿਲਾਂ ਵੀ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਅਪ੍ਰੈਲ ਵਿਚ ਸਿਰਫ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਸੀ। ਉਸ ਨੂੰ ਕੱਲ੍ਹ ਮੂਰਬਿਨ ਮੈਜਿਸਟ੍ਰੇਟ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।