ਬੰਗਲਾਦੇਸ਼ ਨੇ ਆਸਟ੍ਰੇਲੀਆ ਸਮੇਤ ਕਈ ਦੇਸ਼ਾਂ ਤੋਂ ਆਪਣੇ ਹਾਈ ਕਮਿਸ਼ਨਰ ਅਤੇ ਡਿਪਲੋਮੈਟ ਵਾਪਸ ਸੱਦੇ

ਮੈਲਬਰਨ : ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਆਸਟ੍ਰੇਲੀਆ ਅਤੇ ਭਾਰਤ ’ਚੋਂ ਆਪਣੇ ਹਾਈ ਕਮਿਸ਼ਨਰ ਮੁਹੰਮਦ ਇਮਰਾਨ ਅਤੇ ਮੁਹੰਮਦ ਸੂਫੀਉਰ ਰਹਿਮਾਨ ਸਮੇਤ ਪੰਜ ਸੀਨੀਅਰ ਡਿਪਲੋਮੈਟਾਂ ਨੂੰ ਵਾਪਸ ਬੁਲਾ ਲਿਆ ਹੈ। ਇਸ ਤੋਂ ਇਲਾਵਾ ਨਿਊਯਾਰਕ ’ਚ ਸੰਯੁਕਤ ਰਾਸ਼ਟਰ ’ਚ ਸਥਾਈ ਪ੍ਰਤੀਨਿਧੀ ਮੁਹੰਮਦ ਅਬਦੁਲ ਮੁਹਿਤ, ਬੈਲਜੀਅਮ ’ਚ ਰਾਜਦੂਤ ਮਹਿਬੂਬ ਹਸਨ ਸਾਲੇਹ ਅਤੇ ਪੁਰਤਗਾਲ ’ਚ ਰਾਜਦੂਤ ਰੇਜ਼ੀਨਾ ਅਹਿਮਦ ਨੂੰ ਵੀ ਵਾਪਸ ਸੱਦ ਲਿਆ ਗਿਆ ਹੈ।

ਡਿਪਲੋਮੈਟਾਂ ਨੂੰ ਤੁਰੰਤ ਢਾਕਾ ਵਾਪਸ ਆਉਣ ਅਤੇ ਆਪਣੀਆਂ ਜ਼ਿੰਮੇਵਾਰੀਆਂ ਸੌਂਪਣ ਦੇ ਨਿਰਦੇਸ਼ ਦਿੱਤੇ ਗਏ ਸਨ। ਇਸ ਕਦਮ ਨੇ ਦੇਸ਼ ਦੀ ਵਿਦੇਸ਼ ਸੇਵਾ ਦੇ ਅੰਦਰ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ। ਅਗਸਤ 2024 ਵਿਚ ਸ਼ੇਖ ਹਸੀਨਾ ਸਰਕਾਰ ਦੇ ਡਿੱਗਣ ਤੋਂ ਬਾਅਦ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਤਣਾਅ ਵਧ ਗਿਆ ਸੀ। ਹਸੀਨਾ ਦੇ ਭਾਰਤ ਭੱਜਣ ਤੋਂ ਬਾਅਦ ਨੋਬਲ ਪੁਰਸਕਾਰ ਜੇਤੂ ਮੁਹੰਮਦ ਯੂਨਸ ਦੀ ਅਗਵਾਈ ਵਾਲੇ ਕਾਰਜਕਾਰੀ ਪ੍ਰਸ਼ਾਸਨ ਨੇ ਅਹੁਦਾ ਸੰਭਾਲਿਆ।