ਫੈਡਰਲ ਬਜਟ ਲਗਾਤਾਰ ਦੂਜੇ ਸਾਲ ਸਰਪਲੱਸ ਰਿਹਾ, ਉਹ ਵੀ ਬਗ਼ੈਰ ਵਾਧੂ ਟੈਕਸ ਤੋਂ, ਖ਼ਜਾਨਚੀ Jim Chalmers ਨੇ ਦਸਿਆ ਕਾਰਨ

ਮੈਲਬਰਨ : ਆਸਟ੍ਰੇਲੀਆ ਦੇ ਖ਼ਜ਼ਾਨਚੀ Jim Chalmers ਨੇ 15 ਸਾਲਾਂ ਵਿੱਚ ਪਹਿਲੀ ਵਾਰ ਫੈਡਰਲ ਬਜਟ ਦੇ ਸਰਪਲੱਸ ’ਚ ਰਹਿਣ ਦੀ ਪੁਸ਼ਟੀ ਕੀਤੀ ਹੈ। ਖਜ਼ਾਨਚੀ ਨੇ ਅੱਜ ਪਿਛਲੇ ਵਿੱਤੀ ਸਾਲ ਲਈ ਅੰਤਮ ਆਰਥਿਕ ਅਪਡੇਟ ਵਿੱਚ 15.8 ਬਿਲੀਅਨ ਡਾਲਰ ਦੇ ਬਜਟ ਸਰਪਲੱਸ ਦਾ ਐਲਾਨ ਕੀਤਾ। Chalmers ਨੇ ਇਕ ਪ੍ਰੈਸ ਕਾਨਫਰੰਸ ਵਿਚ ਕਿਹਾ, ‘‘ਇਹ ਸਾਡੇ ਜ਼ਿੰਮੇਵਾਰ ਆਰਥਿਕ ਪ੍ਰਬੰਧਨ ਦਾ ਇਕ ਸ਼ਕਤੀਸ਼ਾਲੀ ਪ੍ਰਦਰਸ਼ਨ ਹੈ।’’

Chalmers ਨੇ ਕਿਹਾ ਕਿ ਬਜਟ ਵਿੱਚ ਭਾਰੀ ਸੁਧਾਰ ਲੇਬਰ ਦੇ ‘ਖਰਚੇ ਦੇ ਸੰਜਮ’ ਕਾਰਨ ਹੋਇਆ ਹੈ। ਉਨ੍ਹਾਂ ਕਿਹਾ, ‘‘ਪਿਛਲੇ ਵਿੱਤੀ ਸਾਲ ’ਚ ਖਰਚ ਬਜਟ ਦੇ ਅਨੁਮਾਨ ਨਾਲੋਂ ਬਹੁਤ ਘੱਟ ਸੀ। ਇਹ ਇਸ ਲਈ ਨਹੀਂ ਸੀ ਕਿਉਂਕਿ ਲੇਬਰ ਨੇ ਵਧੇਰੇ ਟੈਕਸ ਲਗਾਇਆ ਸੀ ਬਲਕਿ ਇਸ ਲਈ ਸੀ ਕਿਉਂਕਿ ਇਸਨੇ ਘੱਟ ਖਰਚ ਕੀਤਾ ਸੀ।’’ Chalmers ਨੇ ਕਿਹਾ ਕਿ ਜੁਲਾਈ ਵਿਚ ਮਹਿੰਗਾਈ 3.5 ਫੀਸਦੀ ਤੋਂ ਘਟ ਕੇ ਅਗਸਤ ਵਿਚ 2.7 ਫੀਸਦੀ ਹੋਣ ਤੋਂ ਬਾਅਦ ਇਹ ਦੇਸ਼ ਦੇ ਲੇਬਰ ਦੇ ਵਿੱਤੀ ਪ੍ਰਬੰਧਨ ਲਈ ਇਕ ਹੋਰ ਸਕਾਰਾਤਮਕ ਐਲਾਨ ਹੈ।