FBI ਨੇ ਕੈਲੇਫ਼ੋਰਨੀਆ ’ਚ ਸਿੱਖ ਕਾਰਕੁਨ ’ਤੇ ਹਮਲੇ ਦੀ ਜਾਂਚ ਸ਼ੁਰੂ ਕੀਤੀ

ਮੈਲਬਰਨ : ਅਮਰੀਕਾ ’ਚ FBI ਕੈਲੀਫੋਰਨੀਆ ਦੇ ਇੱਕ ਸਿੱਖ ਕਾਰਕੁਨ ਸਤਿੰਦਰਪਾਲ ਸਿੰਘ ਰਾਜੂ ਨੂੰ ਨਿਸ਼ਾਨਾ ਬਣਾ ਕੇ 11 ਅਗਸਤ ਨੂੰ ਕੀਤੀ ਗਈ ਗੋਲੀਬਾਰੀ ਦੀ ਜਾਂਚ ਕਰ ਰਹੀ ਹੈ। ਰਾਜੂ ਨੂੰ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦਾ ਕਰੀਬੀ ਮੰਨਿਆ ਜਾਂਦਾ ਹੈ। ਨਿੱਝਰ ਦਾ ਪਿਛਲੇ ਸਾਲ ਕੈਨੇਡਾ ’ਚ ਕਤਲ ਕਰ ਦਿੱਤਾ ਗਿਆ ਸੀ। ਰਾਜੂ ’ਤੇ ਉਸ ਸਮੇਂ ਹਮਲਾ ਕੀਤਾ ਗਿਆ ਸੀ ਜਦੋਂ ਉਹ ਆਪਣੇ ਟਰੱਕ ’ਚ ਆਪਣੇ ਦੋ ਦੋਸਤਾਂ ਨਾਲ ਜਾ ਰਿਹਾ ਸੀ। ਹਮਲੇ ਤੋਂ ਬਾਅਦ ਉਹ ਅਤੇ ਉਸ ਦੇ ਦੋਸਤਾਂ ਨੇ ਨੇੜਲੇ ਖੇਤ ਵਿੱਚ ਭੱਜ ਕੇ ਅਤੇ ਇੱਕ ਘਾਹ ਦੇ ਢੇਰ ਦੇ ਪਿੱਛੇ ਲੁਕ ਕੇ ਜਾਨ ਬਚਾਈ।

ਰਾਜੂ ’ਤੇ ਹਮਲਾ ਇਸ ਕਾਰਨ ਵੀ ਅਹਿਮ ਹੋ ਜਾਦਾ ਹੈ ਕਿ ਅਮਰੀਕੀ ਨਿਆਂ ਵਿਭਾਗ ਨੇ ਭਾਰਤੀ ਨਾਗਰਿਕ ਨਿਖਿਲ ਗੁਪਤਾ ’ਤੇ ਇਕ ਭਾਰਤੀ ਖੁਫੀਆ ਅਧਿਕਾਰੀ ਦੇ ਇਸ਼ਾਰੇ ’ਤੇ ਇਕ ਹੋਰ ਕਾਰਕੁੰਨ ਗੁਰਪਤਵੰਤ ਿਸੰਘ ਪੰਨੂ ਦੀ ਹੱਤਿਆ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਹੈ। ਇਸ ਤੋਂ ਇਲਾਵਾ ਕੈਨੇਡਾ ਵਿਚ ਚਾਰ ਭਾਰਤੀ ਨਾਗਰਿਕ ਨਿੱਝਰ ਦੀ ਮੌਤ ਵਿਚ ਕਤਲ ਅਤੇ ਸਾਜ਼ਿਸ਼ ਰਚਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਰਾਜੂ ਦਾ ਮੰਨਣਾ ਹੈ ਕਿ ਉਸ ’ਤੇ ਹਮਲਾ ਖਾਲਿਸਤਾਨ ਰੈਫਰੈਂਡਮ ਨੂੰ ਰੋਕਣ ਦੀ ਕੋਸ਼ਿਸ਼ ਸੀ, ਪਰ ਉਸ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਬਾਵਜੂਦ ਮੁਹਿੰਮ ਜਾਰੀ ਰੱਖਣ ਦਾ ਸੰਕਲਪ ਲਿਆ ਹੈ।