Brazil ’ਚ ਭਿਆਨਕ ਹਵਾਈ ਹਾਦਸਾ, 61 ਲੋਕਾਂ ਦੀ ਮੌਤ

ਮੈਲਬਰਨ : ਦੱਖਣੀ ਅਮਰੀਕਾ ਦੇ ਸਭ ਤੋਂ ਵੱਡੇ ਦੇਸ਼ Brazil ਦੇ Vinhedo ਸ਼ਹਿਰ ’ਚ ਇਕ ਯਾਤਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ’ਚ ਸਵਾਰ ਸਾਰੇ 61 ਲੋਕਾਂ ਦੀ ਮੌਤ ਹੋ ਗਈ। VOEPASS ਏਅਰਲਾਈਨ ਦਾ ATR 72 ਦੋ ਇੰਜਣ ਵਾਲਾ ਟਰਬੋਪ੍ਰੋਪ ਜਹਾਜ਼ ਬ੍ਰਾਜ਼ੀਲ ਦੇ ਸਟੇਟ Sao Paulo ਦੇ ਅੰਤਰਰਾਸ਼ਟਰੀ ਹਵਾਈ ਅੱਡੇ ਵੱਲ ਜਾ ਰਿਹਾ ਸੀ ਜਦੋਂ ਇਹ ਇਕ ਮਿੰਟ ਵਿਚ 17,000 ਫੁੱਟ ਹੇਠਾਂ ਗੋਤਾ ਖਾ ਕੇ ਰਿਹਾਇਸ਼ੀ ਭਾਈਚਾਰੇ ’ਚ ਡਿੱਗ ਗਿਆ। ਹਾਲਾਂਕਿ ਉਸ ਇਲਾਕੇ ਦੇ ਵਸਨੀਕਾਂ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ।

ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਫਲਾਈਟ ਟਰੈਕਿੰਗ ਡਾਟਾ ਜਹਾਜ਼ ਦੇ ਤੇਜ਼ੀ ਨਾਲ ਗੋਤਾ ਖਾਣ ਨੂੰ ਦਰਸਾਉਂਦਾ ਹੈ। ਜਹਾਜ਼ ਦਾ ਬਲੈਕ ਬਾਕਸ ਬਰਕਰਾਰ ਪਾਇਆ ਗਿਆ ਹੈ ਅਤੇ ਜਾਂਚ ਜਾਰੀ ਹੈ। ਬ੍ਰਾਜ਼ੀਲ ਦੀ ਹਵਾਈ ਫੌਜ ਅਤੇ ਫ਼ੈਡਰਲ ਪੁਲਿਸ ਜਾਂਚ ਵਿਚ ਸ਼ਾਮਲ ਹਨ ਅਤੇ ਜਹਾਜ਼ ਦੇ ਨਿਰਮਾਤਾ ATR ਨੇ ਮਦਦ ਦੀ ਪੇਸ਼ਕਸ਼ ਕੀਤੀ ਹੈ। ਜਨਵਰੀ 2023 ਤੋਂ ਬਾਅਦ ਇਹ ਸਭ ਤੋਂ ਘਾਤਕ ਏਅਰਲਾਈਨ ਹਾਦਸਾ ਹੈ, ਜਦੋਂ ਨੇਪਾਲ ਵਿਚ ਅਜਿਹਾ ਹੀ ਇਕ ਜਹਾਜ਼ ਹਾਦਸਾਗ੍ਰਸਤ ਹੋਇਆ ਸੀ, ਜਿਸ ਵਿਚ 72 ਲੋਕਾਂ ਦੀ ਮੌਤ ਹੋ ਗਈ ਸੀ।