Melbourne ’ਚ ਅਚਾਨਕ ਫੈਲੀ ਨਵੀਂ ਬਿਮਾਰੀ, ਚਾਰ ਦਿਨਾਂ ’ਚ ਸਾਹਮਣੇ ਆ ਚੁੱਕੇ ਨੇ ਦੋ ਦਰਜਨ ਮਾਮਲੇ

ਮੈਲਬਰਨ : ਮੈਟਰੋਪੋਲੀਟਨ Melbourne ਵਿਚ Legionnaires’ disease ਦੀ ਬਿਮਾਰੀ ਦੇ ਅਚਾਨਕ ਫੈਲਣ ਤੋਂ ਬਾਅਦ ਸਿਹਤ ਅਧਿਕਾਰੀਆਂ ਨੇ ਚੇਤਾਵਨੀ ਜਾਰੀ ਕੀਤੀ ਹੈ। ਜੇਕਰ ਛੇਤੀ ਇਲਾਜ ਨਾ ਕੀਤਾ ਜਾਵੇ ਤਾਂ ਇਹ ਬਿਮਾਰੀ ਜਾਨ ਵੀ ਲੈ ਸਕਦੀ ਹੈ। ਪਿਛਲੇ ਚਾਰ ਦਿਨਾਂ ਵਿਚ ਇਸ ਦੇ 22 ਕੇਸ ਸਾਹਮਣੇ ਆ ਚੁੱਕੇ ਹਨ ਅਤੇ ਛੇ ਹੋਰ ਸ਼ੱਕੀ ਮਾਮਲੇ ਸਾਹਮਣੇ ਆਏ ਹਨ। ਜ਼ਿਆਦਾਤਰ ਮਾਮਲੇ 40 ਸਾਲ ਤੋਂ ਵੱਧ ਉਮਰ ਦੇ ਬਾਲਗਾਂ ਵਿੱਚ ਹਨ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਹਸਪਤਾਲ ਵਿੱਚ ਦਾਖਲ ਹਨ ਅਤੇ ਕੁਝ ਗੰਭੀਰ ਨਿਮੋਨੀਆ ਦੇ ਨਾਲ ਇੰਟੈਂਸਿਵ ਕੇਅਰ ਵਿੱਚ ਹਨ।

Legionnaires’ disease ਦੀ ਬਿਮਾਰੀ ਬੈਕਟੀਰੀਆ ਕਾਰਨ ਹੋਣ ਵਾਲੇ ਨਿਮੋਨੀਆ ਦਾ ਇੱਕ ਦੁਰਲੱਭ ਪਰ ਗੰਭੀਰ ਰੂਪ ਹੈ, ਜਿਸ ਨਾਲ ਛਾਤੀ ’ਚ ਇਨਫ਼ੈਕਸ਼ਨ, ਬੁਖਾਰ, ਠੰਢ, ਖੰਘ, ਸਿਰ ਦਰਦ ਅਤੇ ਮਾਸਪੇਸ਼ੀਆਂ ਵਿੱਚ ਦਰਦ ਹੁੰਦਾ ਹੈ। ਇਹ Legionella ਬੈਕਟੀਰੀਆ ਦੇ ਕਾਰਨ ਹੁੰਦਾ ਹੈ, ਜੋ ਕੁਦਰਤੀ ਪਾਣੀ ਦੇ ਸਰੋਤਾਂ, ਸਪਾ, ਗਰਮ ਪਾਣੀ ਸਿਸਟਮ ਅਤੇ ਕੂਲਿੰਗ ਟਾਵਰਾਂ ਵਰਗੇ ਆਰਟੀਫ਼ੀਸ਼ੀਅਲ ਸਿਸਟਮ ਵਿੱਚ ਪਾਇਆ ਜਾਂਦਾ ਹੈ।

ਸਿਹਤ ਅਧਿਕਾਰੀ ਬਿਮਾਰੀ ਫੈਲਣ ਦੇ ਸਰੋਤ ਦੀ ਜਾਂਚ ਕਰ ਰਹੇ ਹਨ। ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਲੱਛਣਾਂ ਪ੍ਰਤੀ ਸੁਚੇਤ ਰਹਿਣ ਅਤੇ ਜੇ ਲੱਛਣ ਜਾਰੀ ਰਹਿੰਦੇ ਹਨ ਤਾਂ ਤੁਰੰਤ ਡਾਕਟਰੀ ਮਦਦ ਪ੍ਰਾਪਤ ਕਰਨ।