ਲਾਰੈਂਸ ਬਿਸ਼ਨੋਈ ਗੈਂਗ ਵਿਰੁਧ ਆਸਟ੍ਰੇਲੀਆ ਪੁਲਿਸ ਕੋਲ ਸ਼ਿਕਾਇਤ, ਜਾਣੋ ਕੀ ਹੈ ਮਾਮਲਾ

ਮੈਲਬਰਨ : ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੈਂਗ ਨੇ ਹੁਣ ਆਸਟ੍ਰੇਲੀਆ ’ਚ ਵੀ ਪੈਰ ਫੈਲਾਉਣਾ ਸ਼ੁਰੂ ਕਰ ਿਦੱਤਾ ਹੈ। ਬਿਸ਼ਨੋਈ ਦੇ ਤਿੰਨ ਸਾਥੀਆਂ ਨੇ ਆਸਟ੍ਰੇਲੀਆ ਵਿੱਚ ਰਹਿ ਰਹੇ NRI ਸੁਖਚਰਨ ਸਿੰਘ ਬੱਲ ਨੂੰ ਵਟਸਐਪ ’ਤੇ ਕਾਲ ਕਰ ਕੇ ਕਥਿਤ ਤੌਰ ’ਤੇ ਫ਼ਿਰੌਤੀ ਮੰਗੀ ਅਤੇ ਇਸ ਤੋਂ ਬਾਅਦ ਡਰਾਉਣ-ਧਮਕਾਉਣ ਲਈ ਉਸ ਦੇ ਅਮ੍ਰਿਤਸਰ ਸਥਿਤ ਘਰ ਦੇ ਬਾਹਰ ਕਥਿਤ ਤੌਰ ’ਤੇ ਗੋਲੀਆਂ ਵੀ ਚਲਾਈਆਂ। ਇਹ ਘਟਨਾ ਮੰਗਲਵਾਰ ਨੂੰ ਜੈਂਤੀਪੁਰ ਪਿੰਡ ਵਿੱਚ ਉਸ ਦੇ ਘਰ ਦੇ ਬਾਹਰ ਵਾਪਰੀ। ਪੰਜਾਬ ਪੁਲਿਸ ਨੇ ਮੌਕੇ ਤੋਂ ਅੱਠ ਖਾਲੀ ਕਾਰਤੂਸ ਬਰਾਮਦ ਕੀਤੇ ਹਨ। ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਕੱਥੂਨੰਗਲ ਥਾਣੇ ‘ਚ ਆਨਲਾਈਨ ਸ਼ਿਕਾਇਤ ਦਰਜ ਕਰਵਾਉਣ ਤੋਂ ਇਲਾਵਾ ਪੁਲਿਸ ਨੇ ਆਸਟ੍ਰੇਲੀਆਈ ਪੁਲਸ ਨਾਲ ਵੀ ਸੰਪਰਕ ਕੀਤਾ, ਜਿਸ ਨੇ ਇਸ ਘਟਨਾ ਦੇ ਸਬੰਧ ‘ਚ ਮਾਮਲਾ ਦਰਜ ਕਰ ਲਿਆ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਬੱਲ ਨੇ ਕਿਹਾ ਕਿ ਉਹ ਸਿਡਨੀ (ਆਸਟ੍ਰੇਲੀਆ) ’ਚ ਰਹਿੰਦਾ ਹੈ ਅਤੇ ਉਸ ਦਾ ਅੰਮ੍ਰਿਤਸਰ ਜ਼ਿਲ੍ਹੇ ਦੇ ਜੈਂਤੀਪੁਰ ਪਿੰਡ ’ਚ ਇਕ ਘਰ ਵੀ ਹੈ। ਬੱਲ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰਾਂ ਨੇ ਉਸ ਦੇ ਵਟਸਐਪ ਨੰਬਰ ‘ਤੇ ਕਾਲ ਕੀਤੀ ਅਤੇ ਉਸ ਤੋਂ ਫਿਰੌਤੀ ਦੀ ਮੰਗ ਕੀਤੀ। ਫੋਨ ਮਿਲਣ ਤੋਂ ਤੁਰੰਤ ਬਾਅਦ ਉਸ ਨੇ ਆਸਟ੍ਰੇਲੀਆਈ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।

ਬੱਲ ਨੇ ਅਧਿਕਾਰੀਆਂ ਨੂੰ ਭਰੋਸਾ ਦਿੱਤਾ ਕਿ ਉਹ ਜੈਂਤੀਪੁਰ ਪਿੰਡ ਵਿਚ ਉਸ ਦੇ ਘਰ ਦੇ ਬਾਹਰ ਗੋਲੀਬਾਰੀ ਦੀ ਘਟਨਾ ਦੀ CCTV ਫੁਟੇਜ ਅਤੇ ਉਸ ਦੇ ਅਤੇ ਜਬਰੀ ਵਸੂਲੀ ਕਰਨ ਵਾਲਿਆਂ ਵਿਚਾਲੇ ਹੋਈ ਗੱਲਬਾਤ ਦੀ ਵੌਇਸਮੇਲ ਪੁਲਿਸ ਨੂੰ ਸੌਂਪ ਦੇਵੇਗਾ।